ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ, 30 ਸਤੰਬਰ ਤੋਂ ਬਾਅਦ ਨਹੀਂ ਮਿਲੇਗੀ ਛੋਟ

Wednesday, Sep 30, 2026 - 05:17 AM (IST)

ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ, 30 ਸਤੰਬਰ ਤੋਂ ਬਾਅਦ ਨਹੀਂ ਮਿਲੇਗੀ ਛੋਟ

ਲੁਧਿਆਣਾ (ਹਿਤੇਸ਼) - ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 10 ਫੀਸਦੀ ਰਿਬੇਟ ਦੇਣ ਲਈ ਫਿਕਸ ਕੀਤੀ ਗਈ ਡੈੱਡਲਾਈਨ 30 ਸਤੰਬਰ ਨੂੰ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਲੋਕਾਂ ਦੀ ਸਹੂਲਤ ਦੇ ਨਾਮ ’ਤੇ ਛੁੱਟੀਆਂ ਦੌਰਾਨ ਵੀ 4 ਦਿਨ ਆਫਿਸ ਖੁੱਲੇ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਚਾਰੇ ਜ਼ੋਨਾਂ ਵਿਚ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਦੀ ਕਾਫੀ ਭੀੜ ਲੱਗੀ ਰਹੀ। ਇਹੀ ਮਾਹੌਲ ਬੁੱਧਵਾਰ ਨੂੰ ਆਖਰੀ ਦਿਨ ਵੀ ਨਿਗਰ ਨਿਗਮ ਦੇ ਸੁਵਿਧਾ ਸੈਂਟਰਾਂ ’ਤੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਆਨਲਾਈਨ ਵੀ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਸਿਸਟਮ ਲਾਗੂ ਕੀਤਾ ਗਿਆ ਹੈ।

ਪਿਛਲੇ ਸਾਲ ਤੋਂ 30 ਕਰੋੜ ਪਿੱਛੇ ਚੱਲ ਰਿਹੈ ਰਿਕਵਰੀ ਦਾ ਅੰਕੜਾ
ਨਗਰ ਨਿਗਮ ਨੂੰ ਸਭ ਤੋਂ ਵੱਧ ਪ੍ਰਾਪਰਟੀ ਟੈਕਸ ਦੀ ਵਸੂਲੀ ਅਪ੍ਰੈਲ ਤੋਂ ਸਤੰਬਰ ਤੱਕ ਦੇ ਪੀਰੀਅਡ ਦੌਰਾਨ 10 ਫੀਸਦੀ ਰਿਬੇਟ ਦੇ ਨਾਲ ਹੀ ਹੁੰਦੀ ਹੈ ਪਰ ਇਸ ਸਾਲ ਰਿਕਵਰੀ ਦਾ ਅੰਕੜਾ ਪਿਛਲੇ ਸਾਲ ਨਾਲੋਂ ਕਰੀਬ 30 ਕਰੋੜ ਪਿੱਛੇ ਚੱਲ ਰਿਹਾ ਹੈ ਕਿਉਂਕਿ ਪਿਛਲੇ ਸਾਲ 30 ਸਤੰਬਰ ਤੱਕ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਦੇ ਰੂਪ ਵਿਚ ਕਰੀਬ 123 ਕਰੋੜ ਦੀ ਰਿਕਵਰੀ ਹੋਈ ਸੀ ਜਿਸ ਦੇ ਮੁਕਾਬਲੇ ਇਸ ਵਾਰ ਇਕ ਦਿਨ ਬਾਕੀ ਰਹਿਣ ਤੱਕ ਕਰੀਬ 93 ਕਰੋੜ ਹੀ ਜਮ੍ਹਾ ਹੋਣ ਦੀ ਸੂਚਨਾ ਹੈ।

ਕਮਿਸ਼ਨਰ ਦੀ ਸਖਤੀ ਕਾਰਨ 10 ਦਿਨ ਵਿਚ ਹੋਈ 50 ਕਰੋੜ ਦੀ ਰਿਕਾਰਡ ਵਸੂਲੀ
ਜੇਕਰ ਪ੍ਰਾਪਰਟੀ ਟੈਕਸ ਦੀ ਵਸੂਲੀ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 18 ਸਤੰਬਰ ਤੱਕ ਸਿਰਫ 44.83 ਕਰੋੜ ਦੀ ਰਿਕਵਰੀ ਹੋਈ ਸੀ ਜਿਸ ਦੇ ਮੱਦੇਨਜ਼ਰ ਕਮਿਸ਼ਨਰ ਓਜਸਵੀ ਵੱਲੋਂ ਬਕਾਇਆ ਰੈਵੇਨਿਊ ਦੀ ਵਸੂਲੀ ਲਈ ਸੁਪਰਡੈਂਟ ਤੋਂ ਲੈ ਕੇ ਜ਼ੋਨਲ ਕਮਿਸ਼ਨਰ ਤੱਕ ਦੀ ਜਿੰਮੇਵਾਰੀ ਤੈਅ ਕੀਤੀ ਗਈ।

ਇਥੋਂ ਤੱਕ ਕਿ ਇੰਸਪੈਕਟਰਾਂ ਦੇ ਨਾਲ ਸਿੱਧਾ ਮੀਟਿੰਗ ਕਰਕੇ ਰਿਕਵਰੀ ਟਾਰਗੈਟ ਪੂਰਾ ਨਾ ਹੋਣ ’ਤੇ ਏ.ਸੀ.ਆਰ. ਵਿਚ ਐਂਟਰੀ ਕਰਨ ਦੀ ਚਿਤਾਵਨੀ ਦਿੱਤੀ ਗਈ ਜਿਸ ਤੋਂ ਬਾਅਦ ਕਮਿਸ਼ਨਰ ਵੱਲੋਂ ਰੋਜਾਨਾ ਪ੍ਰੋਗ੍ਰੈਸ ਰਿਵਿਊ ਕਰਨ ਦਾ ਨਤੀਜਾ 10 ਦਿਨ ਵਿਚ 50 ਕਰੋੜ ਦੀ ਰਿਕਾਰਡ ਵਸੂਲੀ ਦੇ ਰੂਪ ਵਿਚ ਸਾਹਮਣੇ ਆਇਆ ਹੈ।

ਇਸ ਤਰ੍ਹਾਂ ਹੈ ਜੁਰਮਾਨਾ ਲਗਾਉਣ ਦਾ ਪੈਟਰਨ :

  • 30 ਸਤੰਬਰ ਤੱਕ ਮਿਲੇਗੀ 10 ਫੀਸਦੀ ਰਿਬੇਟ।
  • 31 ਦਸੰਬਰ ਤੱਕ ਦੇਣਾ ਪਵੇਗਾ ਪੂਰਾ ਪ੍ਰਾਪਰਟੀ ਟੈਕਸ।
  • 1 ਜਨਵਰੀ ਤੋਂ 31 ਮਾਰਚ ਤੱਕ ਲੱਗੇਗਾ 10 ਫੀਸਦੀ ਜੁਰਮਾਨਾ।
  • 1 ਅਪ੍ਰੈਲ ਤੋਂ 18 ਫੀਸਦੀ ਵਿਆਜ ਦੇ ਨਾਲ 20 ਫੀਸਦੀ ਪੈਨਲਟੀ ਲਗਾਉਣ ਦੀ ਹੈ ਵਿਵਸਥਾ।

author

Inder Prajapati

Content Editor

Related News