ਨਿਹੰਗ ਬਾਣੇ ਨੂੰ ਬਦਨਾਮ ਕਰਨ ਵਾਲਾ ਕਾਬੂ, ਜਥੇਬੰਦੀਆਂ ਨੇ ਲੈ ਲਿਆ ਐਕਸ਼ਨ
Tuesday, Sep 22, 2026 - 05:02 PM (IST)
ਲੁਧਿਆਣਾ (ਰਾਜ): ਪਵਿੱਤਰ ਨਿਹੰਗ ਬਾਣੇ ਦੀ ਆੜ ਲੈ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਨਿਹੰਗ ਜਥੇਬੰਦੀਆਂ ਨੇ ਸਖ਼ਤ ਰੁਖ ਅਪਣਾ ਲਿਆ ਹੈ। ਮਹਾਨਗਰ ਦੇ ਰਾਮ ਨਗਰ ਇਲਾਕੇ ਵਿਚ ਇਕ ਦੁਕਾਨ ਤੋਂ ਲਗਭਗ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਇਕ ਸ਼ਾਤਰ ਨੌਜਵਾਨ ਨੂੰ ਬਾਬਾ ਕੁਲਦੀਪ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕਾਬੂ ਕਰ ਲਿਆ। ਮੁਲਜ਼ਮ ਕੁਝ ਦਿਨ ਪਹਿਲਾਂ ਨਿਹੰਗ ਬਾਣਾ ਪਾ ਕੇ ਦੁਕਾਨ ਵਿਚ ਚੋਰੀ ਕਰਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਇਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਫੜੇ ਜਾਣ ਤੋਂ ਬਾਅਦ ਬਾਬਾ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੁਲਜ਼ਮ ਕੋਲੋਂ ਨਿਹੰਗ ਬਾਣਾ ਲੁਹਾ ਕੇ ਉਸ ਕੋਲ ਮੌਜੂਦ ਸਾਰੇ ਸ਼ਸਤਰ ਆਪਣੇ ਕਬਜ਼ੇ ਵਿਚ ਲੈ ਲਏ।
ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਰਾਮ ਨਗਰ ਇਲਾਕੇ ਦੀ ਇਕ ਦੁਕਾਨ ਤੋਂ 35 ਹਜ਼ਾਰ ਰੁਪਏ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ। ਘਟਨਾ ਸਥਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿਚ ਇਕ ਨੌਜਵਾਨ ਨਿਹੰਗ ਸਿੰਘਾਂ ਦੇ ਬਾਣੇ ਵਿਚ ਗੱਲੇ ਤੋਂ ਨਕਦੀ ਚੋਰੀ ਕਰਦਾ ਸਾਫ਼ ਦਿਖਾਈ ਦਿੱਤਾ, ਜਿਸ ਨਾਲ ਨਿਹੰਗ ਜਥੇਬੰਦੀਆਂ ਵਿਚ ਭਾਰੀ ਰੋਸ ਫੈਲ ਗਿਆ। ਬਾਬਾ ਕੁਲਦੀਪ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਪਣੇ ਸਾਥੀਆਂ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਅਤੇ ਮੁਲਜ਼ਮ ਦੀ ਭਾਲ ਲਈ ਇਲਾਕੇ ਵਿਚ ਜਾਲ ਵਿਛਾ ਕੇ ਕੜੀ ਮਿਹਨਤ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ।
'ਨਸ਼ੇੜੀ ਲੋਕ ਬਾਣੇ ਦੀ ਆੜ ਲੈ ਕੇ ਸਮਾਜ ਨੂੰ ਕਰ ਰਹੇ ਹਨ ਬਦਨਾਮ': ਬਾਬਾ ਕੁਲਦੀਪ ਸਿੰਘ
ਮੁਲਜ਼ਮ ਨੂੰ ਕਾਬੂ ਕਰਨ ਤੋਂ ਬਾਅਦ ਬਾਬਾ ਕੁਲਦੀਪ ਸਿੰਘ ਨੇ ਕਿਹਾ ਕਿ ਕੁਝ ਨਸ਼ੇੜੀ ਅਤੇ ਸਮਾਜ ਵਿਰੋਧੀ ਅਨਸਰ ਨਿਹੰਗ ਬਾਣਾ ਪਾ ਕੇ ਚੋਰੀ ਅਤੇ ਲੁੱਟਾਂ-ਖੋਹਾਂ ਵਰਗੀਆਂ ਘਟੀਆ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਕਰਕੇ ਪੂਰੇ ਨਿਹੰਗ ਸਮਾਜ ਅਤੇ ਮਾਣਮੱਤੇ ਇਤਿਹਾਸ ਦਾ ਅਕਸ ਖ਼ਰਾਬ ਹੁੰਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਢੋਂਗੀ ਅਪਰਾਧੀਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਬਾਬਾ ਕੁਲਦੀਪ ਸਿੰਘ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਰਮਿਕ ਬਾਣਾ ਅਤੇ ਸ਼ਸਤਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਸਪੱਸ਼ਟ ਹਦਾਇਤ ਦਿੱਤੀ ਕਿ ਉਹ ਬਿਨਾਂ ਲਾਇਸੰਸ ਜਾਂ ਕਿਸੇ ਮਾਨਤਾ ਪ੍ਰਾਪਤ ਜਥੇਬੰਦੀ ਦੀ ਅਧਿਕਾਰਤ ਚਿੱਠੀ ਦੇਖੇ ਬਿਨਾਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਨਿਹੰਗ ਬਾਣਾ ਅਤੇ ਸ਼ਸਤਰ ਨਾ ਵੇਚਣ।
ਮੁਲਜ਼ਮ ਨੇ ਕਬੂਲਿਆ ਗੁਨਾਹ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਰਾਮ ਨਗਰ ਦੀ ਦੁਕਾਨ ਤੋਂ 35 ਹਜ਼ਾਰ ਰੁਪਏ ਚੋਰੀ ਕਰਨ ਦੀ ਗੱਲ ਕਬੂਲ ਲਈ। ਉਸ ਨੇ ਦੱਸਿਆ ਕਿ ਇਸ ਵਾਰਦਾਤ ਵਿਚ ਭਾਮੀਆਂ ਇਲਾਕੇ ਦਾ ਰਹਿਣ ਵਾਲਾ ਉਸ ਦਾ ਸਾਥੀ ਅਨਮੋਲ ਵੀ ਸ਼ਾਮਲ ਸੀ। ਫੜੇ ਗਏ ਨੌਜਵਾਨ ਅਨੁਸਾਰ ਉਸ ਨੇ ਚੋਰੀ ਕੀਤੀ ਰਕਮ ਵਿਚੋਂ 5 ਹਜ਼ਾਰ ਰੁਪਏ ਆਪਣੇ ਸਾਥੀ ਅਨਮੋਲ ਨੂੰ ਦਿੱਤੇ ਸਨ ਅਤੇ ਬਾਕੀ ਰਕਮ ਉਸ ਨੇ ਆਪਣੇ ਨਿੱਜੀ ਖ਼ਰਚਿਆਂ ਅਤੇ ਨਸ਼ੇ ਵਿਚ ਉਡਾ ਦਿੱਤੀ।
ਸ਼ਸਤਰ ਅਤੇ ਬਾਣਾ ਕਬਜ਼ੇ ਵਿਚ ਲਿਆ, ਦਿੱਤੀ ਆਖ਼ਰੀ ਚੇਤਾਵਨੀ
ਬਾਬਾ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਦੁਕਾਨਦਾਰ ਦਾ ਪਰਿਵਾਰ ਭਾਰੀ ਆਰਥਿਕ ਪਰੇਸ਼ਾਨੀ ਅਤੇ ਤਣਾਅ ਵਿਚੋਂ ਗੁਜ਼ਰ ਰਿਹਾ ਹੈ। ਮਰਿਆਦਾ ਦੀ ਰਾਖੀ ਕਰਦਿਆਂ ਮੁਲਜ਼ਮ ਦਾ ਬਾਣਾ ਤੁਰੰਤ ਲੁਹਾ ਕੇ ਸਾਰੇ ਸ਼ਸਤਰ ਜ਼ਬਤ ਕਰ ਲਏ ਗਏ ਹਨ। ਉਨ੍ਹਾਂ ਮੁਲਜ਼ਮ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਉਸ ਨੇ ਦੁਬਾਰਾ ਨਿਹੰਗ ਬਾਣਾ ਪਾ ਕੇ ਕੋਈ ਸਮਾਜ ਵਿਰੋਧੀ ਹਰਕਤ ਕੀਤੀ, ਤਾਂ ਉਸ ਖ਼ਿਲਾਫ਼ ਬੇਹੱਦ ਸਖ਼ਤ ਕਾਰਵਾਈ ਕੀਤੀ ਜਾਵੇਗੀ।
