ਭਾਜਪਾ ’ਤੇ ‘ਵਾਸ਼ਿੰਗ ਮਸ਼ੀਨ’ ਵਾਲਾ ਤੰਜ ਕੱਸਣ ਵਾਲਿਆਂ ਦਾ ਸੀ. ਬੀ. ਆਈ. ਨੇ ਮੂੰਹ ਕੀਤਾ ਬੰਦ
Thursday, Jun 08, 2023 - 11:15 AM (IST)
ਜਲੰਧਰ (ਅਨਿਲ ਪਾਹਵਾ)– ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਅਕਸਰ ਇਹ ਦਾਅਵਾ ਕਰਦੀਆਂ ਹਨ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲਾ ਹਰ ਵਿਅਕਤੀ ਜਾਂ ਹਰ ਨੇਤਾ ਆਖਰ ਪਾਕ-ਸਾਫ਼ ਕਿਵੇਂ ਹੋ ਜਾਂਦਾ ਹੈ। ਵਿਰੋਧੀ ਧਿਰ ਦੇ ਲੋਕ ਅਕਸਰ ਤੰਜ ਕੱਸਦੇ ਹਨ ਕਿ ਭਾਜਪਾ ਨੇ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ, ਜਿਸ ਵਿਚ ਕੋਈ ਵੀ ਕਿੰਨਾ ਵੀ ਭ੍ਰਿਸ਼ਟ ਨੇਤਾ ਕਿਉਂ ਨਾ ਹੋਵੇ, ਪਾਰਟੀ ’ਚ ਜਾ ਕੇ ਦੁੱਧ ਦਾ ਧੋਤਾ ਬਣ ਜਾਂਦਾ ਹੈ। ਪਰ ਇਸ ਗੱਲ ਨੂੰ ਸੀ. ਬੀ. ਆਈ. ਦੀ ਹੁਣੇ ਜਿਹੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਆਈ ਇਕ ਚਾਰਜਸ਼ੀਟ ਨੇ ਝੁਠਲਾ ਦਿੱਤਾ ਹੈ। ਸੀ. ਬੀ. ਆਈ. ਨੇ ਐਂਬ੍ਰੇਅਰ ਭ੍ਰਿਸ਼ਟਾਚਾਰ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜਿਸ ਵਿਚ ਕਾਰੋਬਾਰੀ ਅਨੂਪ ਗੁਪਤਾ, ਵਕੀਲ ਗੌਤਮ ਖੈਤਾਨ ਦੇ ਨਾਂ ਦੇ ਨਾਲ-ਨਾਲ ਭਾਜਪਾ ਨੇਤਾ ਅਰਵਿੰਦ ਖੰਨਾ ਦਾ ਵੀ ਨਾਂ ਹੈ। ਅਰਵਿੰਦ ਖੰਨਾ ਅੱਜਕਲ੍ਹ ਭਾਜਪਾ ਵਿਚ ਸਰਗਰਮ ਸਿਆਸਤ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਕਾਂਗਰਸ ਵਿਚ ਸਨ। ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਕੈਪਟਨ ਵੀ ਅੱਜਕੱਲ ਭਾਜਪਾ ’ਚ ਹਨ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਭਰਾ ਨੇ ਤੜਫ਼-ਤੜਫ਼ ਤੋੜਿਆ ਦਮ
ਅਰਵਿੰਦ ਖੰਨਾ ਤੇ ਹੋਰਨਾਂ ਖ਼ਿਲਾਫ਼ ਦਰਜ ਕੀਤੀ ਗਈ ਚਾਰਜਸ਼ੀਟ ਵਿਚ ਬ੍ਰਾਜ਼ੀਲ ਦੀ ਫਰਮ ਦੇ ਡੀ. ਆਰ. ਡੀ. ਓ. ਦੇ ਨਾਲ 3 ਜਹਾਜ਼ ਸੌਦਿਆਂ ਦੇ ਮਾਮਲੇ ’ਚ ਰਿਸ਼ਵਤ ਦੀ ਗੱਲ ਕਹੀ ਗਈ ਹੈ। ਇਹ ਰਿਸ਼ਵਤ 5.76 ਮਿਲੀਅਨ ਡਾਲਰ ਦੱਸੀ ਗਈ ਹੈ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਦਾਖਲ ਚਾਰਜਸ਼ੀਟ ’ਚ ਏਜੰਸੀ ਨੇ ਤਿੰਨਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 120ਬੀ ਲਾਈ ਹੈ। ਇਸ ਮਾਮਲੇ ’ਚ ਐੱਨ. ਆਰ. ਆਈ. ਕਾਰੋਬਾਰੀ ਵਿਪਨ ਖੰਨਾ ਦਾ ਵੀ ਨਾਂ ਹੈ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਬੰਦ ਕਰ ਦਿੱਤੀ ਗਈ ਹੈ।
ਸੀ. ਬੀ. ਆਈ. ਨੇ ਦੋਸ਼ ਲਾਇਆ ਹੈ ਕਿ ਡੀ. ਆਰ. ਡੀ. ਓ. ’ਚ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਲਈ ਸਿੰਗਾਪੁਰ ’ਚ ਸਥਿਤ ਇੰਦਰਦੇਵ ਕੰਪਨੀ ਦੇ ਮਾਧਿਅਮ ਰਾਹੀਂ ਕਥਿਤ ਤੌਰ ’ਤੇ 5.76 ਮਿਲੀਅਨ ਡਾਲਰ ਦੀ ਰਿਸ਼ਵਤ ਦਿੱਤੀ ਗਈ ਸੀ।
ਸੀ. ਬੀ. ਆਈ. ਨੇ 2008 ’ਚ ਹੋਏ ਇਸ ਸੌਦੇ ਦੇ ਮਾਮਲੇ ’ਚ ਐਂਬ੍ਰੇਅਰ ਤੇ ਇੰਦਰਦੇਵ ਪੀ. ਟੀ. ਈ. ਲਿਮਟਿਡ ਖਿਲਾਫ ਵੀ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ 2016 ’ਚ ਦਰਜ ਕੀਤਾ ਗਿਆ ਸੀ। ਉਸ ਵੇਲੇ ਬ੍ਰਾਜ਼ੀਲ ਦੀ ਇਕ ਅਖਬਾਰ ਨੇ ਦੋਸ਼ ਲਾਇਆ ਸੀ ਕਿ ਐਂਬ੍ਰੇਅਰ ਨੇ ਸਾਊਦੀ ਅਰਬ ਤੇ ਭਾਰਤ ’ਚ ਸੌਦੇ ਲਈ ਵਿਚੋਲਿਆਂ ਦੀ ਮਦਦ ਲਈ ਹੈ, ਜਦੋਂਕਿ ਭਾਰਤ ’ਚ ਰੱਖਿਆ ਖਰੀਦ ਮਾਮਲਿਆਂ ਲਈ ਬਣਾਏ ਗਏ ਨਿਯਮਾਂ ਵਿਚ ਵਿਚੋਲਿਆਂ ’ਤੇ ਸਖ਼ਤ ਰੋਕ ਹੈ। ਸੀ. ਬੀ. ਆਈ. ਵੱਲੋਂ ਦਾਖ਼ਲ ਚਾਰਜਸ਼ੀਟ ਵਿਚ ਅਰਵਿੰਦ ਖੰਨਾ ਦਾ ਨਾਂ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਦੇ ਉੱਪਰ ਜੋ ਦੋਸ਼ ਵਿਰੋਧੀ ਧਿਰਾਂ ਲਾ ਰਹੀਆਂ ਸਨ, ਉਹ ਸਹੀ ਨਹੀਂ ਹਨ। ਜੇ ਭਾਜਪਾ ਦੀ ਇਹੀ ਸੋਚ ਹੁੰਦੀ ਤਾਂ ਸ਼ਾਇਦ ਅਰਵਿੰਦ ਖੰਨਾ ਨੂੰ ਮਾਮਲੇ ਤੋਂ ਵੱਖ ਕਰ ਦਿੱਤਾ ਜਾਂਦਾ ਪਰ ਅਜਿਹਾ ਨਹੀਂ ਹੋਇਆ।
ਇਹ ਵੀ ਪੜ੍ਹੋ- ਬਲੈਕਮੇਲਿੰਗ ਤੋਂ ਦੁਖੀ ਨੌਜਵਾਨ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਤੋਂ ਪਹਿਲਾਂ ਭੇਜੇ ਮੈਸੇਜ 'ਚ ਖੁੱਲ੍ਹ ਗਏ ਸਾਰੇ ਰਾਜ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani