ਮੁੱਲਾਂਪੁਰ ਦਾਖਾ FCI ਗੋਦਾਮ ’ਚ CBI ਦਾ ਛਾਪਾ, AM 50 ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
Thursday, Feb 18, 2021 - 03:10 AM (IST)
ਮੁੱਲਾਂਪੁਰ ਦਾਖਾ,(ਕਾਲੀਆ)- ਐੱਫ. ਸੀ. ਆਈ. ਗੋਦਾਮ ਮੁੱਲਾਂਪੁਰ ਦਾਖਾ ਵਿਖੇ ਸੀ. ਬੀ. ਆਈ. ਨੇ ਛਾਪਾ ਮਾਰ ਕੇ ਏ. ਐੱਮ. ਪ੍ਰੇਮ ਕੁਮਾਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ, ਉਥੇ ਟੀ. ਏ. ਰਾਜ ਕਰਨ ਵਰਮਾ ਅਤੇ ਸੰਜੀਵ ਕੁਮਾਰ ਨੂੰ ਵੀ ਰਿਸ਼ਵਤ ਲੈਣ ਦੇ ਦੋਸ਼ ’ਚ ਨਾਮਜ਼ਦ ਕੀਤਾ ਹੈ।
ਜਾਣਕਾਰੀ ਅਨੁਸਾਰ ਗੁਰਪ੍ਰਸ਼ਾਦ ਰਾਈਸ ਮਿੱਲ ਦੇ ਮਾਲਕ ਬਬਨਦੀਪ ਸਿੰਘ ਨੇ ਸੀ. ਬੀ. ਆਈ. ਨੂੰ ਸ਼ਿਕਾਇਤ ਕੀਤੀ ਸੀ ਕਿ ਐੱਫ. ਸੀ. ਆਈ. ਗੋਦਾਮ ’ਚ ਚਾਵਲ ਲਵਾਉਣ ਲਈ ਕੁਆਲਿਟੀ ਅਫਸਰ ਪ੍ਰੇਮ ਕੁਮਾਰ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਸੀ. ਬੀ. ਆਈ. ਦੀ ਇਕ ਟੀਮ ਜੋ ਚੰਡੀਗੜ੍ਹ ਤੋਂ ਆਈ ਸੀ, ਨੇ ਪ੍ਰੇਮ ਕੁਮਾਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਸਾਰਾ ਰਿਕਾਰਡ ਆਪਣੇ ਕਬਜ਼ੇ ’ਚ ਲੈ ਲਿਆ ਹੈ, ਉਥੇ ਐੱਫ. ਸੀ. ਆਈ. ਨੇ ਟੀ. ਏ. ਰਾਜ ਕਰਨ ਵਰਮਾ ਅਤੇ ਸੰਜੀਵ ਕੁਮਾਰ, ਜਿਨ੍ਹਾਂ ਨੇ 50-50 ਹਜ਼ਾਰ ਰੁਪਏ ਪਹਿਲਾਂ ਰਿਸ਼ਵਤ ਲੈ ਲਈ ਸੀ, ਨੂੰ ਵੀ ਨਾਮਜ਼ਦ ਕਰ ਲਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਰਿਸ਼ਵਤ ਲੈਂਦੇ ਗ੍ਰਿਫਤਾਰ ਏ. ਐੱਮ. ਪ੍ਰੇਮ ਕੁਮਾਰ ਨੇ ਸੀ. ਬੀ. ਆਈ. ਕੋਲ ਮੰਨਿਆ ਕਿ ਏ. ਜੀ. ਐੱਮ. ਵੀ ਮੌਕੇ ’ਤੇ ਮੌਜੂਦ ਸੀ, ਜੋ ਮੌਕੇ ਤੋਂ ਅੱਖ ਬਚਾ ਕੇ ਨਿਕਲ ਗਿਆ, ਜਿਸ ਦੀ ਪੁਲਸ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰੋਹਿਤ ਸੋਨੂੰ ਅਗਰਵਾਲ ਮੈਂਬਰ ਐੱਫ. ਸੀ. ਆਈ. ਭਾਰਤ ਸਰਕਾਰ ਵੱਲੋਂ ਐੱਫ. ਸੀ. ਆਈ. ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਸਥਾਨਕ ਗੋਦਾਮ ਦੇ ਕਰਮਚਾਰੀਆਂ ਵੱਲੋਂ ਨਮੀ ਨਾਪਣ ਅਤੇ ਮੀਟਰ ’ਚ 1 ਫੀਸਦੀ ਨਮੀ ਵਧਾ ਕੇ ਸ਼ੈਲਰ ਮਾਲਕਾਂ ਤੋਂ ਰਿਸ਼ਵਤ ਲੈਣ ਵਿਰੁੱਧ ਆਵਾਜ਼ ਉਠਾਈ ਸੀ ਅਤੇ ਇਨ੍ਹਾਂ ਕਰਮਚਾਰੀਆਂ ਵਿਰੁੱਧ ਰੋਸ ਧਰਨਾ ਵੀ ਲਾਇਆ ਸੀ। ਸ਼ੈਲਰ ਮਾਲਕ ਇਨ੍ਹਾਂ ਰਿਸ਼ਵਤਖੋਰ ਅਫਸਰਾਂ ਤੋਂ ਡਾਅਢੇ ਪ੍ਰੇਸ਼ਾਨ ਸਨ, ਜਿਨ੍ਹਾਂ ਨੇ ਦੁਖੀ ਹੋ ਕੇ ਸੀ. ਬੀ. ਆਈ. ਕੋਲੋਂ ਇਨਸਾਫ ਦੀ ਮੰਗ ਕੀਤੀ ਸੀ।