ਲੁਧਿਆਣਾ DIC ਦਫ਼ਤਰ ਦੇ ਤਿੰਨ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

Friday, Feb 13, 2026 - 05:16 PM (IST)

ਲੁਧਿਆਣਾ DIC ਦਫ਼ਤਰ ਦੇ ਤਿੰਨ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਲੁਧਿਆਣਾ: ਲੁਧਿਆਣਾ ਦੇ ਗਿੱਲ ਰੋਡ ਸਥਿਤ ਡਿਸਟ੍ਰਿਕਟ ਇੰਡਸਟਰੀਜ਼ ਸੈਂਟਰ (DIC) ਵਿਚ ਸ਼ੁੱਕਰਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਛਾਪੇਮਾਰੀ ਕਰਕੇ ਤਿੰਨ ਮੁਲਾਜ਼ਮਾਂ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਹ ਸਾਰੀ ਕਾਰਵਾਈ ਸੰਜੀਵ ਨਾਮਕ ਇਕ ਕਾਰੋਬਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਅਮਲ ਵਿਚ ਲਿਆਂਦੀ ਗਈ ਹੈ।

ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਆਪਣੇ ਕੰਮ ਲਈ ਇਕ ਜ਼ਰੂਰੀ ਸਰਕਾਰੀ ਦਸਤਾਵੇਜ਼ ਦੀ ਲੋੜ ਸੀ, ਜਿਸ ਦੇ ਬਦਲੇ ਮੁਲਾਜ਼ਮਾਂ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ ਅਤੇ ਸੰਜੀਵ ਨੂੰ ਰੁਪਏ ਦੇ ਕੇ ਦਫ਼ਤਰ ਭੇਜਿਆ, ਜਿੱਥੇ ਪੈਸੇ ਲੈਂਦੇ ਹੀ ਤਿੰਨਾਂ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਰਿਸ਼ਵਤ ਦੀ ਰਕਮ ਵੀ ਮੌਕੇ ਤੋਂ ਬਰਾਮਦ ਕਰ ਲਈ ਗਈ। ਫਿਲਹਾਲ ਵਿਜੀਲੈਂਸ ਅਧਿਕਾਰੀਆਂ ਵੱਲੋਂ ਫੜੇ ਗਏ ਮੁਲਾਜ਼ਮਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਅਹੁਦਿਆਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਕਿਉਂਕਿ ਮਾਮਲੇ ਦੀ ਪੁੱਛਗਿੱਛ ਅਤੇ ਅਗਲੀ ਕਾਗਜ਼ੀ ਕਾਰਵਾਈ ਅਜੇ ਜਾਰੀ ਹੈ।


author

Anmol Tagra

Content Editor

Related News