ਚੰਡੀਗੜ੍ਹ ਤੋਂ ਆ ਰਹੀ ਪਜੈਰੋ ''ਚੋਂ 17.34 ਲੱਖ ਰੁਪਏ ਬਰਾਮਦ
Friday, Apr 12, 2019 - 04:06 PM (IST)

ਫਗਵਾੜਾ (ਹਰਜੋਤ, ਕੌੜਾ, ਜਲੋਟਾ) : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਡੀ. ਪੀ. ਐੱਸ. ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਜਾਰੀ ਚੈਕਿੰਗ ਦੌਰਾਨ ਅੱਜ ਫਲਾਇੰਗ ਸਕਾਡ ਤੇ ਪੁਲਸ ਨੂੰ ਸਬ-ਵੇਅ ਫਗਵਾੜਾ-ਚੰਡੀਗੜ੍ਹ ਬਾਈਪਾਸ ਤੋਂ ਇਕ ਪਜੈਰੋ ਗੱਡੀ 'ਚੋਂ 17,34,500 ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐੱਸ. ਐੱਚ. ਓ. ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਅਤੇ ਫਲਾਇੰਗ ਸਕਾਡ ਦੀ ਟੀਮ ਨੇ ਥਾਣੇਦਾਰ ਗੁਰਮੁੱਖ ਸਿੰਘ ਦੀ ਅਗਵਾਈ 'ਚ ਫਗਵਾੜਾ-ਚੰਡੀਗੜ੍ਹ ਬਾਈਪਾਸ 'ਤੇ ਚੰਡੀਗੜ੍ਹ ਤੋਂ ਆ ਰਹੀ ਪਜੈਰੋ ਗੱਡੀ ਨੂੰ ਰੋਕ ਕੇ ਜਦੋਂ ਉਸ ਦੀ ਚੈਕਿੰਗ ਕੀਤੀ ਤਾਂ ਉਸ 'ਚੋਂ ਉਕਤ ਰਕਮ ਬਰਾਮਦ ਹੋਈ ਹੈ। ਇਸ ਦੌਰਾਨ ਗੱਡੀ 'ਚ ਸਵਾਰ 2 ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਆਈ. ਟੀ./ਈ. ਡੀ. ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਉਨ੍ਹਾਂ ਵੱਲੋਂ ਹੀ ਸਾਰੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਪੈਸੇ ਕਿਥੋਂ ਤੇ ਕਿਵੇਂ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰਾ ਪੈਸਾ ਖਜ਼ਾਨੇ 'ਚ ਜਮ੍ਹਾ ਕਰਵਾ ਦਿੱਤਾ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।