ਮੱਥਾ ਟੇਕਣ ਆਈ ਲੜਕੀ ਦੇ ਪਰਸ ’ਚੋਂ ਹਜ਼ਾਰਾਂ ਦੀ ਨਕਦੀ,ATM, ਆਧਾਰ ਤੇ ਪੈਨ ਕਾਰਡ ਚੋਰੀ

Sunday, Sep 26, 2021 - 02:53 AM (IST)

ਨਕੋਦਰ (ਪਾਲੀ)- ਇਕ ਪ੍ਰਸਿੱਧ ਧਾਰਮਿਕ ਸਥਾਨ ’ਤੇ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਈ ਲੜਕੀ ਦੇ ਪਰਸ ’ਚੋਂ ਹਜ਼ਾਰਾਂ ਰੁਪਏ ਦੀ ਨਕਦੀ, ਬੈਂਕ ਦੇ ਏ .ਟੀ .ਐਮ., ਆਧਾਰ ਕਾਰਡ ਅਤੇ ਪੈਨ ਕਾਰਡ ਚੋਰੀ ਕਰ ਕੇ 2 ਔਰਤਾਂ ਫ਼ਰਾਰ ਹੋ ਗਈਆਂ। ਚੋਰੀ ਦੀ ਉਕਤ ਘਟਨਾ ਦਰਬਾਰ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋਵੇਂ ਔਰਤਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 23 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਮੀਗ੍ਰੇਸ਼ਨ ਦਫਤਰ ਵਿਚ ਜੌਬ ਕਰਦੀ ਮਿਸ ਨੀਰੂ ਪੁੱਤਰੀ ਲੇਟ ਰਾਮੇਸ਼ ਚੰਦਰ ਵਾਸੀ ਉੱਚਾ ਸਰਾਜ ਗੰਜ ਜਲੰਧਰ ਨੇ ਦੱਸਿਆ ਕਿ ਉਹ ਆਪਣੇ ਭਰਾ ਬਿੰਨੀ ਨਾਲ ਨਕੋਦਰ ਵਿਖੇ ਪ੍ਰਸਿੱਧ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਵਾਸਤੇ ਆਈ ਸੀ।

ਚਾਹ ਪੀਣ ਲੱਗੀ ਤਾਂ ਆਪਣੇ ਪਰਸ ਵੱਲ ਚਾਤ ਮਾਰਨ ’ਤੇ ਪਤਾ ਲੱਗਾ ਕਿ ਪਰਸ ਦੀ ਜ਼ਿੱਪ ਖੁੱਲ੍ਹੀ ਹੈ ਤੇ ਪਰਸ ਚੈੱਕ ਕੀਤਾ ਤਾਂ ਉਸ ਵਿਚ 23 ਹਜ਼ਾਰ ਰੁਪਏ, ਵੱਖ-ਵੱਖ ਬੈਂਕਾਂ ਦੇ 4 ਏ. ਟੀ. ਐੱਮ., ਆਧਾਰ ਕਾਰਡ, ਪੈਨ ਕਾਰਡ ਤੇ ਇਕ ਛੋਟਾ ਪਰਸ ਚੋਰੀ ਸੀ।

ਚੋਰੀ ਦੀ ਉਕਤ ਘਟਨਾ ਦਰਬਾਰ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਫੁਟੇਜ ਤੋਂ ਪਤਾ ਲੱਗਾ ਕਿ ਜਦੋਂ ਮੈਂ ਲਾਈਨ ਵਿਚ ਲੱਗੀ ਹੋਈ ਸੀ ਤਾਂ 2 ਔਰਤਾਂ ਮੇਰਾ ਪਰਸ ਕੱਢ ਰਹੀਆਂ ਦਿਖ ਰਹੀਆਂ ਹਨ। ਜਿਨ੍ਹਾਂ ਦੀ ਪਛਾਣ ਪ੍ਰੀਆ ਉਰਫ਼ ਸੋਨੀਆ ਪਤਨੀ ਸੁਰਿੰਦਰ ਵਾਸੀ ਕਾਲਾ ਸੰਘਿਆਂ ਰੋਡ ਜਲੰਧਰ ਅਤੇ ਪ੍ਰੀਤੀ ਪੁੱਤਰੀ ਵਿਜੈ ਕੁਮਾਰ ਵਾਸੀ ਘਾਹ ਮੰਡੀ ਜਲੰਧਰ ਵਜੋਂ ਹੋਈ।

2 ਔਰਤਾਂ ਕਾਬੂ 23 ਹਜ਼ਾਰ ਰੁਪਏ ਦੀ ਨਕਦੀ ਬਰਾਮਦ
ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਅਤੇ ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਨੀਰੂ ਪੁੱਤਰੀ ਲੇਟ ਰਾਮੇਸ਼‍ ਚੰਦਰ ਵਾਸੀ ਜਲੰਧਰ ਦੇ ਬਿਆਨਾਂ ’ਤੇ ਪ੍ਰੀਆ ਉਰਫ਼ ਸੋਨੀਆ ਪਤਨੀ ਸੁਰਿੰਦਰ ਅਤੇ ਪ੍ਰੀਤੀ ਪੁੱਤਰੀ ਵਿਜੈ ਕੁਮਾਰ ਵਾਸੀਆਂਨ ਜਲੰਧਰ ਖ਼ਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ। ਪੁਲਸ ਦੇ ਹੱਥ ਲੱਗੀ ਸੀ. ਸੀ. ਟੀ. ਵੀ .ਦੀ ਫੁਟੇਜ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਹਿਰ ’ਚ ਕੀਤੀ ਨਾਕਾਬੰਦੀ ਦੌਰਾਨ ਏ. ਐੱਸ. ਆਈ. ਮਹਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਉਕਤ ਮਾਮਲੇ ਦੀਆਂ ਦੋਵੇਂ ਮੁਲਜ਼ਮਾਂ ਪ੍ਰੀਆ ਉਰਫ਼ ਸੋਨੀਆ ਅਤੇ ਪ੍ਰੀਤੀ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਕੀਤੇ 23 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ ।


 


Bharat Thapa

Content Editor

Related News