ਕੱਪੜੇ ਨਾਲ ਮੂੰਹ ਬੰਨ੍ਹ ਕੇ ਸਕੂਟਰੀ ਚਲਾਉਣ ਵਾਲਿਆਂ ਖਿਲਾਫ ਕੇਸ ਦਰਜ
Sunday, Jul 30, 2017 - 04:01 PM (IST)

ਬੇਗੋਵਾਲ(ਰਜਿੰਦਰ)— ਕੱਪੜੇ ਨਾਲ ਮੂੰਹ ਬੰਨ੍ਹ ਕੇ ਬਿਨਾਂ ਨੰਬਰੀ ਸਕੂਟਰੀ ਚਲਾਉਣ ਵਾਲੇ ਨੌਜਵਾਨਾਂ ਖਿਲਾਫ ਬੇਗੋਵਾਲ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਹਰਦੀਪ ਸਿੰਘ ਨੇ ਦੱਸਿਆ ਕਿ ਥਾਣਾ ਬੇਗੋਵਾਲ ਦੀ ਪੁਲਸ ਪਾਰਟੀ ਨੇ ਬੇਗੋਵਾਲ ਤੋਂ ਟਾਂਡਾ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਟਾਂਡਾ ਸਾਈਡ ਤੋਂ ਬਿਨਾਂ ਨੰਬਰੀ ਸਕੂਟਰੀ 'ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਰੋਕ ਕੇ ਕੱਪੜੇ ਨਾਲ ਮੂੰਹ ਬੰਨ੍ਹ ਕੇ ਆਪਣੀ ਪਛਾਣ ਛੁਪਾਉਣ ਦਾ ਕਾਰਨ ਪੁੱਛਿਆ ਪਰ ਸਕੂਟਰੀ ਸਵਾਰ ਹਰਵਿੰਦਰ ਸਿੰਘ ਉਰਫ ਮਨੀ ਪੁੱਤਰ ਸਰਬਜੀਤ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਅਤੇ ਸੌਰਵ ਸਿੰਘ ਉਰਫ ਸੌਰਵ ਪੁੱਤਰ ਓਂਕਾਰ ਸਿੰਘ ਵਾਸੀ ਨੰਗਲ ਥੱਥਲ ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਆਪਣੀ ਪਛਾਣ ਛੁਪਾਉਣ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਜਿਸ ਕਾਰਨ ਜ਼ਿਲਾ ਮੈਜਿਸਟਰੇਟ ਕਪੂਰਥਲਾ ਵਲੋਂ ਕੱਪੜੇ ਨਾਲ ਮੂੰਹ ਬੰਨ੍ਹ ਕੇ ਵਾਹਨ ਚਲਾਉਣ 'ਤੇ ਲਗਾਈ ਪਾਬੰਦੀ ਤਹਿਤ ਕਾਰਵਾਈ ਕਰਦਿਆਂ ਫੜੇ ਗਏ ਦੋਵੇਂ ਨੌਜਵਾਨਾਂ ਖਿਲਾਫ ਥਾਣਾ ਬੇਗੋਵਾਲ ਵਿਖੇ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ।