ਪੰਜਾਬ ''ਚ ਵੱਡੀ ਵਾਰਦਾਤ! ਅੱਧੀ ਰਾਤ ਪਤੀ-ਪਤਨੀ ਨੂੰ ਬੰਨ੍ਹ ਕੇ...
Wednesday, Dec 24, 2025 - 11:42 AM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਜ਼ੋਰਾ ਸਿੰਘ ਮਾਨ ਨਗਰ ਵਿਚ ਇਕ ਵੱਡੀ ਵਾਰਦਾਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦੇਰ ਰਾਤ ਘਰ ਵਿਚ ਦਾਖ਼ਲ ਹੋਏ, ਸੁੱਤੇ ਪਏ ਜੋੜੇ ਨੂੰ ਬੰਧਕ ਬਣਾ ਲਿਆ ਅਤੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਤਕਰੀਬਨ ਢਾਈ ਘੰਟੇ ਤਕ ਜੋੜੇ ਨੂੰ ਬੰਧਕ ਬਣਾਈ ਰੱਖਿਆ ਤੇ ਸੋਨਾ, ਚਾਂਦੀ, ਨਕਦੀ ਅਤੇ ਹੋਰ ਸਾਮਾਨ ਲੁੱਟ ਕੇ ਭੱਜ ਗਏ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਸਵਰਨਾ ਬਾਈ ਅਤੇ ਉਸ ਦੇ ਪਤੀ ਖਜਨਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿਚ ਸੌਂ ਰਹੇ ਸਨ। ਰਾਤ 12:30 ਵਜੇ ਦੇ ਕਰੀਬ, ਤਿੰਨ ਆਦਮੀ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਏ। ਦਰਵਾਜ਼ਾ ਖੁੱਲ੍ਹਣ 'ਤੇ ਮਹਿਲਾ ਉੱਠੀ ਤਾਂ ਲੁਟੇਰਿਆਂ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ। ਇਸ ਮਗਰੋਂ ਕੋਲ ਸੁੱਤੇ ਪਏ ਪਤੀ ਦੇ ਹੱਥ, ਪੈਰ, ਮੂੰਹ ਤੇ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। ਮਹਿਲਾ ਦਾ ਕਹਿਣਾ ਹੈ ਕਿ ਉਕਤ ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਕਾਪਾ ਤੇ ਪਿਸਤੌਲ ਸੀ। ਇਨ੍ਹਾਂ ਹਥਿਆਰਾਂ ਨਾਲ ਉਨ੍ਹਾਂ ਨੂੰ ਧਮਕਾਉਂਦਿਆਂ ਲੁਟੇਰਿਆਂ ਨੇ ਕਿਹਾ ਕਿ ਜੇਕਰ ਰੌਲ਼ਾ ਪਾਇਆ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਾਰ ਦੇਣਗੇ। ਉਨ੍ਹਾਂ ਦੱਸਿਆ ਕਿ 12.30 ਵਜੇ ਦਾਖ਼ਲ ਹੋਏ ਉਕਤ ਮੁਲਜ਼ਮ ਤਕਰੀਬਨ ਢਾਈ ਘੰਟੇ ਤਕ ਉਨ੍ਹਾਂ ਦੇ ਘਰ ਵਿਚ ਛਾਣਬੀਣ ਕਰਦੇ ਰਹੇ ਤੇ ਇਸ ਦੌਰਾਨ ਸੋਨਾ, ਚਾਂਦੀ, ਨਗਦੀ ਸਮੇਤ ਤਕਰੀਬਨ 3 ਲੱਖ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ। ਖਜਾਨ ਸਿੰਘ ਨੇ ਦੱਸਿਆ ਕਿ ਉਹ ਐੱਫ. ਸੀ. ਆਈ. ਵਿਚ ਪੱਲੇਦਾਰੀ ਦਾ ਕੰਮ ਕਰਦਾ ਸੀ। ਲੁਟੇਰੇ ਉਸ ਨੂੰ ਰਿਟਾਇਰਮੈਂਟ ਮਗਰੋਂ ਪਾਏ ਗੇ ਨੋਟਾਂ ਦੇ ਹਾਰ ਤੇ ਨਕਦੀ ਵੀ ਚੁੱਕ ਕੇ ਲੈ ਗਏ। ਮੁਲਜ਼ਮਾਂ ਦੇ ਜਾਣ ਤੋਂ ਬਾਅਦ ਮੁਹੱਲੇ ਦੇ ਲੋਕ ਉਨ੍ਹਾਂ ਦੇ ਘਰ ਪਹੁੰਚੇ ਤੇ ਪੁਲਸ ਨੂੰ ਸੂਚਨਾ ਦਿੱਤੀ। ਹੁਣ ਪੁਲਸ ਮੌਕੇ 'ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੌਕੇ 'ਤੇ ਪਹੁੰਚੇ ਪੁਲਸ ਅਫ਼ਸਰ ਏ. ਐੱਸ. ਆਈ. ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਮਗਰੋਂ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਮਾਮਲੇ ਦੀ ਜਾਂਚ-ਪੜਤਾਲ ਕਰ ਕੇ ਛੇਤੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
