ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਕਾਰਪੇਂਟਰ ਦੀ ਮੌਤ
Tuesday, Aug 07, 2018 - 06:52 AM (IST)

ਜਲੰਧਰ, (ਮਹੇਸ਼)— ਪਰਾਗਪੁਰ ਜੀ. ਟੀ. ਰੋਡ ’ਤੇ ਰਾਤ 9 ਵਜੇ ਇਕ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ 35 ਸਾਲ ਦੇ ਕਾਰਪੇਂਟਰ ਨੌਜਵਾਨ ਦੀ ਮੌਤ ਹੋ ਗਈ ਜੋ ਕਿ ਆਪਣੇ ਨਾਲ ਕੰਮ ਕਰਦੇ ਪ੍ਰਵਾਸੀ ਨੌਜਵਾਨ ਨੂੰ ਮੋਟਰਸਾਈਕਲ ’ਤੇ ਉਸਦੇ ਘਰ ਦੀਪ ਨਗਰ ਛੱਡਣ ਜਾ ਰਿਹਾ ਸੀ। ਮਾਮਲੇ ਦੀ ਜਾਂਚ ਪਰਾਗਪੁਰ ਚੌਕੀ ਦੀ ਪੁਲਸ ਕਰ ਰਹੀ ਹੈ। ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੰਦਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਕਿੰਦਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਕੋਟ ਕਲਾਂ ਜਲੰਧਰ ਦੇ ਰੂਪ ਵਿਚ ਹੋਈ ਹੈ, ਜਦਕਿ ਉਸਦੇ ਬਾਈਕ ਦੇ ਪਿੱਛੇ ਬੈਠੇ ਜ਼ਖ਼ਮੀ ਪ੍ਰਵਾਸੀ ਨੌਜਵਾਨ ਛੋਟੇ ਲਾਲ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕਾਰਪੇਂਟਰ ਕਿੰਦਾ ਦੇ ਸਿਰ ’ਤੇ ਕਾਫੀ ਜ਼ਿਆਦਾ ਸੱਟ ਲੱਗ ਗਈ ਸੀ, ਜਿਸ ਕਾਰਨ ਉਸਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ।
ਪੁਲਸ ਨੇ ਮ੍ਰਿਤਕ ਕਿੰਦਾ ਦੇ ਪਿਤਾ ਹਰਭਜਨ ਸਿੰਘ ਦੇ ਬਿਆਨਾਂ ’ਤੇ ਫਰਾਰ ਮੁਲਜ਼ਮ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।