ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
Sunday, Jul 20, 2025 - 12:53 PM (IST)

ਬਰੇਟਾ (ਬਾਂਸਲ) : ਇੱਥੇ ਪਿੰਡ ਖਡਾਲ ਕਲਾਂ ਵਿਖੇ ਇਕ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਤਪਾਲ ਸਿੰਘ (51) ਬੀਤੀ ਸਵੇਰੇ 10 ਵਜੇ ਦੇ ਕਰੀਬ ਆਪਣੇ ਘਰ ਦੀ ਛੱਤ ’ਤੇ ਸਫ਼ਾਈ ਦਾ ਕੰਮ ਕਰ ਰਿਹਾ ਸੀ। ਉਸ ਦਾ ਘਰ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਹੱਥ ਲੱਗ ਗਿਆ ਅਤੇ ਉਸਨੂੰ ਕਰੰਟ ਲੱਗ ਗਿਆ। ਉਸ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਜਾਇਆ ਗਿਆ, ਜਿਥੇ ਸੱਤਪਾਲ ਸਿੰਘ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।
ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਵਾਪਰਾ ਹੈ, ਕਿਉਂਕਿ ਅਸੀਂ ਅਨੇਕਾਂ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਸਾਈਡ ’ਤੇ ਕਰਨ ਲਈ ਕਹਿ ਚੁੱਕੇ ਹਾਂ ਪਰ ਇਨ੍ਹਾਂ ਵੱਲੋਂ ਸਾਡੀ ਗੁਹਾਰ ਉੱਤੇ ਕਦੇ ਕੋਈ ਅਮਲ ਨਹੀਂ ਕੀਤਾ ਗਿਆ। ਮ੍ਰਿਤਕ ਮਜ਼ੂਦਰੀ ਦਾ ਕੰਮ ਕਰ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਤੇ ਪਤਨੀ ਤੋਂ ਇਲਾਵਾ 2 ਪੁੱਤਰ ਅਤੇ ਇਕ ਧੀ ਛੱਡ ਗਿਆ ਹੈ। ਜਦੋਂ ਇਸ ਮਾਮਲੇ ਨੂੰ ਲੈ ਕੇ ਐੱਸ. ਡੀ. ਓ. ਬਰੇਟਾ ਗੁਰਸੇਵਕ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹਾਲੇ ਤਕ ਮੇਰੇ ਧਿਆਨ ’ਚ ਨਹੀਂ ਆਇਆ ਹੈ।