ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ
Saturday, Jul 19, 2025 - 11:58 AM (IST)

ਗੁਰੂਹਰਸਹਾਏ (ਸੁਨੀਲ ਵਿੱਕੀ) : ਸ਼ਹਿਰ ’ਚ ਨਸ਼ਾ ਦਿਨੋ-ਦਿਨ ਵੱਧ-ਫੁੱਲ ਰਿਹਾ ਹੈ ਅਤੇ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਬੀਤੇ ਦਿਨ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਦੇ ਰਹਿਣ ਵਾਲੇ ਨਥਾਨੀਆ ਨਾਂ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ ਅਤੇ ਮ੍ਰਿਤਕ ਨੌਜਵਾਨ ਦੇ ਇਕ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਪਹਿਲਾਂ ਮੌਤ ਹੋ ਗਈ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨਥਾਨੀਆ ਪਿਛਲੇ 5-6 ਸਾਲਾਂ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਸੀ ਅਤੇ ਨਸ਼ਾ ਛੱਡਣ ਲਈ ਉਹ ਸਰਕਾਰੀ ਹਸਪਤਾਲ ਤੋਂ ਦਵਾਈ ਵੀ ਲੈ ਰਿਹਾ ਸੀ। ਬੀਤੇ ਦਿਨ ਉਹ ਸਵੇਰੇ ਘਰੋਂ ਨਿਕਲਿਆ ਸੀ, ਜੋ ਬਾਜ਼ਾਰ ’ਚ ਡਿੱਗ ਪਿਆ ਮਿਲਆ।
ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਉੱਥੋਂ ਚੁੱਕਿਆ ਅਤੇ ਡਾਕਟਰ ਤੋਂ ਦਵਾਈ ਦਿਵਾਈ ਪਰ ਉਹ ਨਸ਼ੇ ਦੀ ਓਵਰਡੋਜ਼ ਕਾਰਨ ਤੜਫ ਰਿਹਾ ਸੀ ਅਤੇ ਵਾਰ-ਵਾਰ ਇਹ ਕਹਿ ਕੇ ਨਹਾ ਰਿਹਾ ਸੀ ਕਿ ਉਸ ਨੂੰ ਗਰਮੀ ਲੱਗ ਰਹੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਤਲਵੰਡੀ ਗਿਆ ਸੀ, ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਨਥਾਨੀਆ ਦੀ ਹਾਲਤ ਠੀਕ ਨਹੀਂ ਹੈ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਹ ਤਿੰਨ ਭਰਾ ਸਨ ਅਤੇ ਇਕ ਦੀ ਪਹਿਲਾਂ ਅਤੇ ਇਕ ਦੀ ਹੁਣ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੁਰੂਹਰਸਹਾਏ ’ਚ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਲੋਕਾਂ ਦੇ ਬੱਚੇ ਮਰਨ ਤੋਂ ਬਚਾਏ ਜਾਣ।