ਭਿਆਨਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
Sunday, Jul 13, 2025 - 09:40 AM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੇ ਨੈਸ਼ਨਲ ਹਾਈਵੇ 'ਤੇ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ। ਇੱਥੇ ਫੱਗੂਵਾਲਾ ਕੈਂਚੀਆਂ ਵਿਖੇ ਬਣੇ ਫਲਾਈਓਵਰ 'ਤੇ ਦੇਰ ਰਾਤ ਇਕ ਕਾਰ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਕਾਰ ਸਵਾਰ 2 ਨੌਜਵਾਨਾਂ ’ਚੋਂ ਇਕ ਦੀ ਮੌਤ ਹੋ ਗਈ, ਜਦੋਂ ਕਿ ਇਕ ਨੌਜਵਾਨ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਪੁਲਸ ਦੇ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਕਾਂਸਟੇਬਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਸੰਗਰੂਰ ਸਾਈਡ ਨੂੰ ਜਾ ਰਹੀ ਇਕ ਕਾਰ ’ਚ 2 ਨੌਜਵਾਨ ਸਵਾਰ ਸਨ। ਜਦੋਂ ਕਾਰ ਸਥਾਨਕ ਸ਼ਹਿਰ ਤੋਂ ਅੱਗੇ ਫੱਗੂਵਾਲਾ ਕੈਂਚੀਆਂ ’ਚ ਪਹੁੰਚੀ ਤਾਂ ਇੱਥੇ ਨੈਸ਼ਨਲ ਹਾਈਵੇ ਨੰਬਰ-7 ਦੇ ਫਲਾਈਓਵਰ ਉੱਪਰ ਅਚਾਨਕ ਬੇਕਾਬੂ ਹੋ ਕੇ ਪਲਟ ਗਈ।
ਉਨ੍ਹਾਂ ਨੂੰ ਸੂਚਨਾ ਮਿਲਣ ’ਤੇ ਉਹ ਤੁਰੰਤ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਹੋਰ ਰਾਹਗੀਰਾਂ ਦੀ ਮਦਦ ਨਾਲ ਗੰਭੀਰ ਰੂਪ ’ਚ ਜ਼ਖਮੀ ਹੋਏ ਕਾਰ ’ਚ ਸਵਾਰ ਦੋਵੇ ਨੌਜਵਾਨਾਂ ਨੂੰ ਕਾਰ ਤੋਂ ਬਾਹਰ ਕੱਢਿਆ ਤੇ ਇਲਾਜ ਲਈ ਸਥਾਨਕ ਹਪਸਤਾਲ ਵਿਖੇ ਲਿਆਂਦਾ। ਇੱਥੇ ਡਾਕਟਰਾਂ ਨੇ ਇਕ ਨੌਜਵਾਨ ਏਕਮਵੀਰ ਸਿੰਘ 22 ਸਾਲ ਪੁੱਤਰ ਸਤਨਾਮ ਸਿੰਘ ਡੀ. ਐੱਸ. ਪੀ. ਪਟਿਆਲਾ ਸਿਟੀ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਅਤੇ ਦੂਜੇ ਗੰਭੀਰ ਰੂਪ ’ਚ ਜ਼ਖਮੀ ਹੋਏ ਕਾਰ ਚਾਲਕ ਨੌਜਵਾਨ ਹਰਜੋਤ ਸਿੰਘ 23 ਸਾਲ ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਅਫ਼ਸਰ ਕਾਲੋਨੀ ਪਟਿਆਲਾ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ। ਐੱਸ. ਐੱਸ. ਐੱਫ. ਦੀ ਟੀਮ ਵੱਲੋਂ ਹਾਦਸੇ ਦਾ ਸ਼ਿਕਾਰ ਹੋਈ ਕਾਰ ਨੂੰ ਵੀ ਸੜਕ ਤੋਂ ਸਾਈਡ ’ਤੇ ਕਰਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।