ਕੈਪਟਨ ਨੇ ਵਿਧਾਇਕ ਸੰਜੇ ਤਲਵਾੜ ਨੂੰ ਦਿੱਤੇ ਅਨੇਕਾਂ ਪ੍ਰਾਜੈਕਟ
Thursday, Jul 18, 2019 - 09:34 PM (IST)
ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਨੂੰ ਉਨ੍ਹਾਂ ਦੇ ਲੁਧਿਆਣਾ ਈਸਟ ਵਿਧਾਨ ਸਭਾ ਹਲਕੇ ਲਈ ਅਨੇਕਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਵਿਚ ਸਭ ਤੋਂ ਵੱਡੀ ਮੰਗ 90 ਸਾਲਾਂ ਤੋਂ ਬਾਅਦ ਪੂਰੀ ਹੋਣ ਜਾ ਰਹੀ ਹੈ, ਜੋ ਕਿ ਸਰਕਾਰੀ ਕਾਲਜ ਨਾਲ ਜੁੜੀ ਹੋਈ ਹੈ। ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਲੁਧਿਆਣਾ ਈਸਟ 'ਚ ਸਰਕਾਰੀ ਕਾਲਜ ਲਈ ਇਮਾਰਤ ਬਣਾਉਣ ਦਾ ਕੰਮ 75 ਫੀਸਦੀ ਪੂਰਾ ਹੋ ਚੁੱਕਾ ਹੈ ਤੇ ਸ਼ਾਇਦ ਦੀਵਾਲੀ ਤੱਕ ਸਾਰਾ ਕੰਮ ਪੂਰਾ ਹੋ ਜਾਵੇਗਾ। ਜਿਸ ਤੋਂ ਬਾਅਦ ਲੋਕਾਂ ਦੀਆਂ ਪੈਂਡਿੰਗ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਈਸਟ 'ਚ ਸੂਬੇ ਦਾ ਪਹਿਲਾ ਐਗਜ਼ੀਬੀਸ਼ਨ ਸੈਂਟਰ ਬਣਨ ਜਾ ਰਿਹਾ ਹੈ। ਇਸ ਦੇ ਲਈ ਸਰਕਾਰੀ ਰਸਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਕ ਮਹੀਨੇ ਦੇ ਵਿਚ ਟੈਂਡਰ ਲਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਲੁਧਿਆਣਾ ਈਸਟ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਸਟ ਐਂਡ ਕਲੱਬ ਮਨਜ਼ੂਰ ਕੀਤਾ ਹੈ। 10 ਲੱਖ ਦੀ ਆਬਾਦੀ ਇਸ ਵਿਧਾਨ ਸਭਾ ਹਲਕੇ ਵਿਚ ਕਲੱਬ ਦੀ ਮੰਗ ਵੀ ਖੁਸ਼ਹਾਲ ਪਰਿਵਾਰਾਂ ਵਲੋਂ ਕੀਤੀ ਜਾ ਰਹੀ ਸੀ ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਈਸਟ ਵੀ ਸੜਕਾਂ ਗਲੀਆਂ ਤੇ ਨਾਲੀਆਂ ਨੂੰ ਬਣਾਉਣ ਤੇ ਹੋਰ ਵਿਕਾਸ ਕਾਰਜਾਂ ਲਈ ਲਗਭਗ 400 ਕਰੋੜ ਦੀ ਰਕਮ ਖਰਚ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਈਸਟ ਵਿਚ ਮਿਊਜ਼ੀਅਮ ਪਾਰਕ ਬਣਾਇਆ ਜਾ ਰਿਹਾ ਹੈ। ਅਗਲੇ ਕੁਝ ਦਿਨਾਂ ਵਿਚ 3 ਫਾਇਰ ਸਟੇਸ਼ਨ ਸਥਾਪਤ ਕੀਤੇ ਜਾਣਗੇ ਤੇ 8 ਨਵੇਂ ਸਕੂਲ ਖੋਲ੍ਹਣ ਦਾ ਵੀ ਪ੍ਰਸਤਾਵ ਹੈ। 5 ਕਮਿਉਨਿਟੀ ਸੈਂਟਰ ਵੀ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਅਗਲੇ 2 ਮਹੀਨਿਆਂ ਵਿਚ 2 ਨਵੇਂ ਹਸਪਤਾਲ ਖੋਲ੍ਹਣ ਦਾ ਰਸਤਾ ਵੀ ਪੱਧਰਾ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਰਬਪੱਖੀ ਵਿਕਾਸ ਦੇ ਰਸਤੇ 'ਤੇ ਲੈ ਕੇ ਜਾਣ ਲਈ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।