ਹੁਣ ਗਣਤੰਤਰ ਦਿਵਸ ''ਤੇ ਵੀ ਪੰਜਾਬ ਦੀ ਇਸ ਧੀ ਨੇ ਰਚਿਆ ਇਤਿਹਾਸ

01/28/2020 6:52:49 PM

ਹੁਸ਼ਿਆਰਪੁਰ (ਅਮਰਿੰਦਰ)— ਸੈਨਾ ਦਿਵਸ ਤੋਂ ਬਾਅਦ ਨਵੀਂ ਦਿੱਲੀ ਦੇ ਰਾਜਪਥ 'ਤੇ 71ਵਾਂ ਗਣਤੰਤਰ ਦਿਵਸ ਸਮਾਰੋਹ 'ਚ ਵੀ ਆਰਮੀ ਪਰੇਡ ਨੂੰ ਲੀਡ ਕਰਕੇ ਹੁਸ਼ਿਆਰਪੁਰ ਦੀ ਤਾਨਿਆ ਸ਼ੇਰਗਿਲ ਨੇ ਇਕ ਵਾਰ ਫਿਰ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਸੋਮਵਾਰ ਦੇਰ ਸ਼ਾਮ ਨਵੀਂ ਦਿੱਲੀ ਤੋਂ ਗੜ੍ਹਦੀਵਾਲਾ ਵਾਪਸ ਪਰਤੇ ਤਾਨਿਆ ਸ਼ੇਰਗਿਲ ਦੇ ਪਿਤਾ ਸੂਰਤ ਸਿੰਘ ਗਿਲ ਅਤੇ ਮਾਂ ਲਖਵਿੰਦਰ ਕੌਰ ਗਿਲ ਨੇ ਕਿਹਾ ਕਿ ਸਾਨੂੰ ਬੇਟੀ ਤਾਨਿਆ ਨੂੰ ਮਿਲੀ ਸਫਲਤਾ 'ਤੇ ਮਾਣ ਹੈ। ਗੜ੍ਹਦੀਵਾਲਾ ਕਸਬੇ ਦੇ ਲੋਕ ਅਤੇ ਉਸ ਦੇ ਜੱਦੀ ਪਿੰਡ ਪੰਡੋਰੀ ਅਟਵਾਲ ਦੇ ਲੋਕ ਵੀ ਤਾਨਿਆ ਦੀ ਉਪਲੱਬਧੀ 'ਤੇ ਕਾਫੀ ਖੁਸ਼ ਹਨ। ਤਾਨਿਆ ਸ਼ੇਰਗਿਲ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ 'ਚੋਂ ਇਕ ਹੈ, ਜੋ ਫੌਜ 'ਚ ਸੇਵਾ ਕਰ ਰਹੀ ਹੈ। ਇਸ ਤੋਂ ਪਹਿਲਾਂ ਤਾਨਿਆ ਦੇ ਪਿਤਾ ਸੂਰਤ ਸਿੰਘ ਗਿਲ, ਦਾਦਾ ਹਰੀ ਸਿਘ ਅਤੇ ਪੜਦਾਦਾ ਈਸ਼ਰ ਸਿੰਘ ਵੀ ਫੌਜ 'ਚ ਦੇਸ਼ ਦੀ ਸੇਵਾ ਕਰ ਚੁੱਕੇ ਹਨ।

PunjabKesari

ਮੁੰਬਈ ਤੋਂ ਵਾਪਸ ਆ ਕੇ ਆਪਣੀ ਮਿੱਟੀ ਨਾਲ ਜੁੜ ਗਿਆ ਹਾਂ
ਕੈਪਟਨ ਤਾਨਿਆ ਸ਼ੇਰਗਿਲ ਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਉਹ ਮੂਲ ਰੂਪ ਨਾਲ ਗੜ੍ਹਦੀਵਾਲਾ ਦੇ ਕਰੀਬੀ ਪਿੰਡ ਪੰਡੋਰੀ ਅਟਵਾਲ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਕਰੀਬ 50 ਸਾਲ ਤੋਂ ਮੁੰਬਈ 'ਚ ਪੋਵਈ 'ਚ ਰਹਿ ਰਹੇ ਹਨ। ਹੁਣ ਫਿਰ ਤੋਂ ਆਪਣੀ ਮਿੱਟੀ ਵੱਲ ਰੁਖ ਕਰਦੇ ਹੋਏ ਉਨ੍ਹਾਂ ਨੇ ਕਰੀਬ 9 ਸਾਲ ਪਹਿਲਾਂ ਗੜ੍ਹਦੀਵਾਲਾ ਦੇ ਵਾਰਡ ਨੰਬਰ-3 'ਚ ਆਪਣਾ ਘਰ ਬਣਾਇਆ ਹੈ ਅਤੇ ਅੱਜਕਲ੍ਹ ਇਥੇ ਹੀ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖੁਦ ਅਤੇ ਤਾਨਿਆ ਨੇ ਵੀ ਮੁੰਬਈ 'ਚ ਪੋਵਈ ਸਥਿਤ ਕੇਂਦਰੀ ਸਕੂਲ ਤੋਂ ਸਿੱਖਿਆ ਹਾਸਲ ਕੀਤੀ।

ਤਾਨਿਆ ਦੀ ਮਾਂ ਲਖਵਿੰਦਰ ਕੌਰ ਬਤੌਰ ਅਧਿਆਪਕਾ ਮੁੰਬਈ ਤੋਂ ਹੀ ਰਿਟਾਇਰ ਹੋਈ ਹੈ। ਸੈਨਾ 'ਚ 101 ਫੀਲਡ ਰੈਜ਼ੀਮੈਂਟ 'ਚ 10 ਸਾਲ ਤੱਕ ਕਪਤਾਨ ਦੇ ਅਹੁਦੇ 'ਤੇ ਸੇਵਾ ਕਰਨ ਤੋਂ ਬਾਅਦ ਸੀ. ਆਰ. ਪੀ. ਐੱਫ. 'ਚ ਸ਼ਾਮਲ ਹੋਏ ਤਾਨਿਆ ਦੇ ਪਿਤਾ ਸੂਰਤ ਸਿੰਘ 2016 'ਚ ਸੀ. ਆਰ. ਪੀ. ਐੱਫ. ਤੋਂ ਬਤੌਰ ਕਮਾਂਡੈਂਟ ਰਿਟਾਇਰਡ ਹੋਏ। ਇਸ ਦੌਰਾਨ ਉਨ੍ਹਾਂ ਨੂੰ ਬਹਾਦੁਰੀ ਲਈ ਰਾਸ਼ਟਰਪਤੀ ਮੈਡਲ ਨਾਲ ਵੀ ਨਵਾਜਿਆ ਗਿਆ। ਸੂਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਬੇਟੀ ਤਾਨਿਆ ਨੇ ਪਰੇਡ ਦੀ ਅਗਵਾਈ ਕਰਕੇ ਮਾਣ ਵਧਾਇਆ ਹੈ।  ਉਨ੍ਹਾਂ ਦੱਸਿਆ ਕਿ ਨਾਗਪੁਰ ਤੋਂ ਬੀ-ਟੈੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਤਾਨਿਆ ਨੇ ਫੌਜ ਜੁਆਇਨ ਕਰਨ ਦਾ ਫੈਸਲਾ ਲਿਆ। ਉਸ ਸਮੇਂ ਸੂਰਤ ਸਿੰਘ ਕਸ਼ਮੀਰ 'ਚ ਤਾਇਨਾਤ ਸਨ।

PunjabKesari

ਚਾਰ ਪੀੜ੍ਹੀਆਂ ਦਾ ਹੈ ਫੌਜ ਨਾਲ ਨਾਤਾ
ਦਰਅਸਲ ਤਾਨਿਆ ਨੂੰ ਦੇਸ਼ ਸੇਵਾ ਅਤੇ ਫੌਜ ਅਨੁਸ਼ਾਸਨ ਪਰਿਵਾਰਕ ਵਿਰਾਸਤ 'ਚ ਹੀ ਮਿਲਿਆ ਹੈ। ਕੈਪਟਨ ਤਾਨਿਆ ਦੇ ਦਾਦਾ ਹਰੀ ਸਿੰਘ 14 ਆਰਮਡ ਰੈਜ਼ੀਮੈਂਟ 'ਚ ਸਿਪਾਹੀ ਸਨ। ਪੜਦਾਦਾ ਈਸ਼ਰ ਸਿੰਘ 26 ਪੰਜਾਬੀ ਬਟਾਲੀਅਨ 'ਚ ਸਿਪਾਹੀ ਸਨ ਅਤੇ ਪਹਿਲੇ ਵਿਸ਼ਵ ਯੁੱਧ 'ਚ ਹਿੱਸਾ ਲਿਆ ਸੀ, ਜਿਸ ਦੇ ਲਈ ਉਨ੍ਹਾਂ ਨੂੰ ਸੇਵਾ ਮੈਡਲ ਅਤੇ ਸਰਵਿਸ ਸਟਾਰ ਨਾਲ ਨਵਾਜਿਆ ਗਿਆ ਸੀ। ਇਲੈਕਟ੍ਰਾਨਿਕਸ ਅਤੇ ਕਮਿਊਨਿਕੇਸ਼ਨ 'ਚ ਬੀ-ਟੈੱਕ ਤਾਨਿਆ ਨੂੰ ਚੇਨਈ ਦੀ ਅਫਸਰ ਟ੍ਰੇਨਿੰਗ ਅਕਾਦਮੀ ਨਾਲ 2017 'ਚ ਕਮਿਸ਼ਨ ਮਿਲਿਆ ਸੀ।

PunjabKesari

ਮੈਨੂੰ ਇਹ ਕਾਮਯਾਬੀ ਯੋਗਤਾ ਅਤੇ ਆਸ਼ਿਰਵਾਦ ਦੇ ਚਲਦਿਆਂ ਮਿਲੀ
ਕੈਪਟਨ ਤਾਨਿਆ ਸ਼ੇਰਗਿਲ ਨੇ ਫੋਨ 'ਤੇ ਦੱਸਿਆ ਕਿ ਇਹ ਮੇਰੇ ਲਈ ਮਾਣ ਦੀ ਗੱਲ ਸੀ। ਇਥੇ ਸਾਰੇ ਇਕ ਫੌਜੀ ਹਨ। ਇਥੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ। ਜਦੋਂ ਮੈਂ ਇੰਜੀਨੀਅਰਿੰਗ ਦੇ ਆਖਰੀ ਸਾਲ 'ਚ ਸੀ ਉਦੋਂ ਮੈਂ ਫੌਜ 'ਚ ਭਰਤੀ ਹੋਣ ਲਈ ਅਰਜੀ ਕੀਤੀ ਸੀ। ਮੈਨੂੰ ਇਹ ਕਾਮਯਾਬੀ ਯੋਗਤਾ ਅਤੇ ਆਸ਼ਿਰਵਾਦ ਦੇ ਚਲਦਿਆਂ ਮਿਲੀ ਹੈ।


shivani attri

Content Editor

Related News