ਕੈਪਟਨ ਵਲੋਂ ਓ. ਪੀ. ਸੋਨੀ ਨੂੰ ਸਲਾਹਕਾਰੀ ਗਠਨ ''ਚ ਕੀਤਾ ਗਿਆ ਸ਼ਾਮਲ

06/12/2019 9:46:32 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਹੋਰ ਸਲਾਹਕਾਰੀ ਗਰੁੱਪ ਗਠਿਤ ਕਰਨ ਦਾ ਹੁਕਮ ਜਾਰੀ ਕੀਤਾ ਹੈ, ਜਿਸ ਦੇ ਨਾਲ ਇਨ੍ਹਾਂ ਗਰੁੱਪਾਂ ਦੀ ਗਿਣਤੀ 9 ਹੋ ਗਈ ਹੈ। ਇਹ ਗਰੁੱਪ ਮਹੱਤਵਪੂਰਨ ਸਰਕਾਰੀ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਇਨ੍ਹਾਂ ਦਾ ਅਨੁਮਾਨ ਲਾਉਣ ਲਈ ਗਠਿਤ ਕੀਤੇ ਗਏ ਹਨ। ਮੈਡੀਕਲ ਸਿੱਖਿਆ 'ਚ ਸੁਧਾਰ ਲਈ ਬਣਾਏ ਗਏ ਇਸ ਨਵੇਂ ਗਰੁੱਪ ਦਾ ਮੁਖੀ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਬਣਾਇਆ ਗਿਆ ਹੈ, ਜਿਸ 'ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਹੋਰ ਮੈਂਬਰ ਹੋਣਗੇ। ਬਹੁਤ ਸਾਰੇ ਵਿਧਾਇਕ ਅਤੇ ਅਫ਼ਸਰ ਵੀ ਇਸ ਗਰੁੱਪ ਦਾ ਹਿੱਸਾ ਹੋਣਗੇ।

ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਗਰੁੱਪ ਦਾ ਗਠਨ ਵੀ ਹੋਰ ਸਲਾਹਕਾਰੀ ਗਰੁੱਪਾਂ ਦੇ ਨਾਲ ਕੀਤਾ ਗਿਆ ਸੀ ਪਰ ਇਹ ਉਨ੍ਹਾਂ 'ਚੋਂ ਬੇਧਿਆਨੀ ਨਾਲ ਰਹਿ ਗਿਆ ਸੀ। ਮੁੱਖ ਮੰਤਰੀ ਵੱਲੋਂ ਗਠਿਤ ਕੀਤੇ ਗਏ ਇਨ੍ਹਾਂ ਗਰੁੱਪਾਂ ਦਾ ਮਕਸਦ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚਲੇ ਪਾੜੇ ਨੂੰ ਪੂਰਨਾ ਹੈ। ਵੱਖ-ਵੱਖ ਪ੍ਰੋਗਰਾਮਾਂ ਅਤੇ ਸਕੀਮਾਂ ਦਾ ਅਨੁਮਾਨ ਲਾਉਣ ਤੋਂ ਇਲਾਵਾ ਇਹ ਗਰੁੱਪ ਲੋਕਾਂ ਦੀ ਫੀਡਬੈਕ ਦੇ ਆਧਾਰ 'ਤੇ ਸੋਧਾਂ ਲਈ ਸੁਝਾਅ ਦੇਣਗੇ। ਇਨ੍ਹਾਂ ਸਕੀਮਾਂ 'ਚ ਸੋਧਾਂ ਜੁਲਾਈ ਦੇ ਅੱਧ ਵਿੱਚ ਨੋਟੀਫਾਈ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਦਾ ਮਕਸਦ ਸਕੀਮਾਂ ਦਾ ਲਾਭ ਜਲਦੀ ਤੋਂ ਜਲਦੀ ਲਾਭਪਾਤਰੀਆਂ ਤੱਕ ਪਹੁੰਚਾਉਣਾ ਅਤੇ ਲੋਕਾਂ ਦੇ ਜੀਵਨ ਵਿੱਚ ਪ੍ਰਭਾਵਸ਼ਾਲੀ ਬਦਲਾਅ ਲਿਆਉਣਾ ਹੈ।


Babita

Content Editor

Related News