ਜੀਂਦ ''ਚ ਹੁੱਡਾ ਨੇ ਕੰਡਾ ਕੱਢਿਆ, ਹੁਣ ਜੀਂਦ ਨੇਤਾ ਨੇ ਦੋ ਕੱਢੇ ਕੰਡੇ: ਅਭਿਮਨਿਊ

04/27/2019 12:58:01 PM

ਜਲੰਧਰ—ਹੁੱਡਾ ਕਾਰਨ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਸੂਬੇ 'ਚ ਹੋਈ ਖਤਮ, ਬੋਲੇ-ਵਿਜੇ ਸਾਂਪਲਾ ਵਲੋਂ ਕੀਤੇ ਟਵੀਟ ਉਨ੍ਹਾਂ ਨੇ ਨਹੀਂ ਕਿਸੇ ਹੋਰ ਨੇ ਕੀਤੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੀ ਚੋਣ ਦੀ ਗਰਮੀ ਮੌਸਮ ਅਨੁਸਾਰ ਵਧਣ ਲੱਗੀ ਹੈ, ਸਾਰੀਆਂ ਰਾਜਨੀਤਕ ਪਾਰਟੀਆਂ ਨਾਮਜ਼ਦਗੀ ਤੋਂ ਬਾਅਦ ਪ੍ਰਚਾਰ-ਪ੍ਰਸਾਰ 'ਚ ਜੁੜ ਗਈਆਂ ਹਨ ਅਤੇ ਦਾਅਵੇ ਵੀ ਕਰਨ ਲੱਗੀਆਂ ਹਨ ਕਿ ਜਿੱਤ ਉਨ੍ਹਾਂ ਦੀ ਹੋਵੇਗੀ। ਅਜਿਹੇ 'ਚ ਪੰਜਾਬ ਕੇਸਰੀ ਨਾਲ ਐਕਸਕਲੂਸਿਵ ਗੱਲਬਾਤ 'ਚ ਸੂਬੇ ਦੇ ਵਿੱਤ ਮੰਤਰੀ ਤੇ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਕੈਪਟਨ ਅਭਿਮਨਿਊ ਨੇ ਸਾਫ ਤੌਰ 'ਤੇ ਕਿਹਾ ਕਿ ਮੋਦੀ ਦੀ ਹੁਣ ਫਿਰ ਸੁਨਾਮੀ ਆਏਗੀ ਤੇ ਦੇਸ਼ 'ਚ ਦੁਬਾਰਾ ਮੋਦੀ ਦੀ ਹੀ ਸਰਕਾਰ ਬਣੇਗੀ। ਪੰਜਾਬ ਦੇ ਸੀਨੀਅਰ ਭਾਜਪਾ ਨੇਤਾ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਲੋਂ ਕੀਤੇ ਗਏ ਟਵੀਟ 'ਤੇ ਉਨ੍ਹਾਂ ਕਿਹਾ ਕਿ ਇਹ ਟਵੀਟ ਉਨ੍ਹਾਂ ਨੇ ਨਹੀਂ ਕਿਸੇ ਹੋਰ ਨੇ ਕੀਤਾ ਹੈ। ਮੈਂ ਸਾਂਪਲਾ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਮੇਰੇ ਪੁਰਾਣੇ ਸਾਥੀ ਰਹੇ ਹਨ, ਇਹ ਭਾਸ਼ਾ ਸ਼ੈਲੀ ਉਨ੍ਹਾਂ ਦੀ ਨਹੀਂ ਹੈ।

ਸ. ਹਰਿਆਣਾ ਦੀਆਂ ਕਈ ਸੀਟਾਂ ਬਹੁਤ ਜ਼ਿਆਦਾ ਹੌਟ ਬਣ ਚੁੱਕੀਆਂ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜ. ਹਰਿਆਣਾ 'ਚ ਇਸ ਸਮੇਂ ਪਰਿਵਾਰਵਾਦ, ਖੇਤਰਵਾਦ, ਜਾਤੀਵਾਦ, ਭਾਈ-ਭਤੀਜਾਵਾਦ, ਭ੍ਰਿਸ਼ਟਾਚਾਰ ਵਰਗੀਆਂ ਜੋ ਆਸੁਰੀ ਸ਼ਕਤੀਆਂ ਸਨ, ਉਹ ਖਤਮ ਹੋ ਚੁੱਕੀਆਂ ਹਨ ਅਤੇ ਹੁਣ ਹਰਿਆਣਾ ਤੋਂ ਸਦਾ ਲਈ ਮਿਟਣ ਵਾਲੀਆਂ ਹਨ। ਕਹਾਵਤ ਵੀ ਹੈ ਕਿ 'ਸੱਪ ਮਰਨ ਤੋਂ ਪਹਿਲਾਂ ਜ਼ਿਆਦਾ ਉਛਲਦਾ ਹੈ' ਉਹੀ ਹਾਲਾਤ ਹੁਣ ਹਨ, ਹਰਿਆਣਾ ਦੀ ਧਰਤੀ ਤੋਂ ਪਾਪ ਮਿਟਣ ਵਾਲਾ ਹੈ, ਨਿਸ਼ਚਿਤ ਤੌਰ 'ਤੇ ਹਰਿਆਣਾ 'ਚ 10 ਦੀਆਂ 10 ਸੀਟਾਂ ਭਾਜਪਾ ਜਿੱਤੇਗੀ ਤੇ ਦੇਸ਼ 'ਚ ਨਰਿੰਦਰ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਂਦੇ ਨਜ਼ਰ ਆਉਣਗੇ। ਹਰਿਆਣਾ ਇਸ 'ਚ 100 ਫੀਸਦੀ ਯੋਗਦਾਨ ਦੇਵੇਗਾ।

ਸ. ਦੇਸ਼ 'ਚ 2 ਵਾਰ ਕਾਂਗਰਸ ਰਾਜ 'ਚ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਨੂੰ ਸੋਨੀਪਤ ਤੋਂ ਉਤਾਰਿਆ ਗਿਆ ਹੈ, ਕਿਵੇਂ ਦੇਖਦੇ ਹੋ?
ਜ. ਕਾਂਗਰਸ ਦੇ ਇਤਿਹਾਸ 'ਚ ਇਕ ਅਧਿਆਏ ਜੁੜੇਗਾ, ਜਿਸ ਦੀ ਅਗਵਾਈ 'ਚ 10 ਸਾਲ ਹਰਿਆਣਾ 'ਚ ਸਰਕਾਰ ਚੱਲੀ। ਉਨ੍ਹਾਂ ਨੇ ਕਾਂਗਰਸ ਦਾ ਇਹ ਹਾਲ ਕਰ ਦਿੱਤਾ ਕਿ ਜੋ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਸੀ, ਉਸ ਦੀ ਟਿਕਟ ਲੈਣ ਵਾਲਾ ਵੀ ਕੋਈ ਨਹੀਂ। ਸਾਬਕਾ ਸੰਸਦ ਮੈਂਬਰ ਵੀ ਟਿਕਟ ਤੋਂ ਦੂਰ ਭੱਜਦੇ ਨਜ਼ਰ ਆਏ। ਕਾਂਗਰਸ ਦੇ ਜਨ ਆਧਾਰ ਨੂੰ ਇੰਨਾ ਸੌੜਾ ਕਰ ਦਿੱਤਾ ਕਿ ਉਨ੍ਹਾਂ ਦੇ ਪਰਿਵਾਰ ਤੋਂ ਬਾਹਰ ਕਾਂਗਰਸ ਬਚੀ ਹੀ ਨਹੀਂ। ਇਕ ਨੂੰ ਮਜਬੂਰੀ 'ਚ ਰੋਹਤਕ ਤੋਂ ਚੋਣ ਲੜਨੀ ਪਈ ਅਤੇ ਸੋਨੀਪਤ ਸੀਟ ਉਸ ਦੇ ਗਲੇ 'ਚ ਪਈ। ਕਾਂਗਰਸ ਦੀ ਸਥਿਤੀ ਇਹ ਹੈ ਕਿ ਜੀਂਦ 'ਚ ਉਨ੍ਹਾਂ ਨੇ ਇਕ ਕੰਡਾ ਕੱਢਿਆ ਅਤੇ ਜੀਂਦ ਦੇ ਨੇਤਾਵਾਂ ਨੇ ਹੁਣ 2 ਕੰਡੇ ਕੱਢ ਦਿੱਤੇ। ਕਾਂਗਰਸ ਦੀ ਕੋਈ ਵਿਚਾਰਧਾਰਾ ਨਹੀਂ ਹੈ ਤੇ ਨਾ ਕੋਈ ਸੰਗਠਨ ਹੈ। ਕਾਂਗਰਸੀ ਦੇਸ਼ 'ਚ ਸਿਰਫ ਪਰਿਵਾਰਵਾਦ ਨੂੰ ਉਤਸ਼ਾਹ ਦੇਣ ਦਾ ਕੰਮ ਕਰ ਰਹੇ ਹਨ। ਨੌਜਵਾਨਾਂ ਲਈ ਉਨ੍ਹਾਂ ਕੋਲ ਕੋਈ ਯੋਜਨਾ ਨਹੀਂ ਹੈ।

ਸ. ਭਜਨ ਲਾਲ ਦੇ ਰਾਈਟ ਹੈਂਡ ਰਹੇ ਜੈ ਪ੍ਰਕਾਸ਼ ਗੁਪਤਾ ਵਰਗੇ ਦਿੱਗਜ ਭਾਜਪਾ 'ਚ ਸ਼ਾਮਲ ਹੋ ਰਹੇ ਹਨ, ਕੀ ਮੰਨਦੇ ਹੋ?
. ਭਾਰਤੀ ਜਨਤਾ ਪਾਰਟੀ ਇਕ ਰਾਸ਼ਟਰੀ ਪਾਰਟੀ ਹੈ ਅਤੇ ਪਿਛਲੇ ਸਾਢੇ 4 ਸਾਲਾਂ 'ਚ ਮਨੋਹਰ ਲਾਲ ਸਰਕਾਰ ਨੇ 'ਸਭ ਕਾ ਸਾਥ, ਸਭ ਕਾ ਵਿਕਾਸ' ਦੀ ਨੀਤੀ ਤਹਿਤ ਕੰਮ ਕੀਤਾ ਹੈ। ਪਾਰਟੀ ਨੇ ਹਰਿਆਣਾ ਇਕ-ਹਰਿਆਣਵੀ ਇਕ ਦੇ ਸੰਕਲਪ ਨੂੰ ਸਾਕਾਰ ਕਰਨ ਦਾ ਕੰਮ ਕੀਤਾ ਹੈ। ਸੂਬੇ 'ਚ ਨਾ ਪਰਿਵਾਰਵਾਦ ਹੈ, ਨਾ ਭਾਈ-ਭਤੀਜਾਵਾਦ, ਨਾ ਕਿਸੇ ਇਕ ਜਗ੍ਹਾ ਪੈਸਾ ਖਰਚ ਹੋ ਰਿਹਾ ਹੈ, ਸੂਬੇ 'ਚ ਪੂਰੀ ਤਰ੍ਹਾਂ ਪਾਰਦਰਸ਼ਤਾ ਹੈ। ਬਹੁਤ ਸਾਰੇ ਰਾਜਨੇਤਾ ਅਜਿਹੇ ਹਨ, ਜਿਨ੍ਹਾਂ ਨੂੰ ਲੱਗਾ ਕਿ ਭਾਜਪਾ ਹੀ ਬਿਹਤਰ ਰਾਜਨੀਤਕ ਪਾਰਟੀ ਹੈ, ਜਿਸ ਦੀ ਦੇਸ਼ ਪ੍ਰਤੀ ਚੰਗੀ ਸੋਚ ਹੈ, ਇਸ ਲਈ ਲੋਕ ਭਾਜਪਾ ਵਲ ਵਧ ਰਹੇ ਹਨ।

ਸ. ਚੌਧਰੀ ਵੀਰੇਂਦਰ ਸਿੰਘ ਕੇਂਦਰੀ ਮੰਤਰੀ ਹਨ। ਉਨ੍ਹਾਂ ਦੇ ਬੇਟੇ ਆਈ. ਏ. ਐੱਸ. ਹਨ ਅਤੇ ਹੁਣ ਰਾਜਨੀਤੀ 'ਚ ਆਏ ਹਨ?
ਜ.
ਇਹ ਬਹੁਤ ਚੰਗੀ ਗੱਲ ਹੈ। ਚੌਧਰੀ ਵੀਰੇਂਦਰ ਸਿੰਘ ਦੇ 45 ਸਾਲ ਦੇ ਰਾਜਨੀਤਕ ਕਰੀਅਰ 'ਚ ਕੋਈ ਦਾਗ ਨਹੀਂ ਹੈ, ਸੂਬੇ ਦੀ ਉਨ੍ਹਾਂ ਈਮਾਨਦਾਰੀ ਨਾਲ ਸੇਵਾ ਕੀਤੀ ਹੈ। ਉਨ੍ਹਾਂ ਦੇ ਰਾਜਨੀਤਕ ਕਰੀਅਰ 'ਚ ਕੋਈ ਦੋਸ਼ ਵੀ ਨਹੀਂ ਹੈ ਅਤੇ ਉਨ੍ਹਾਂ ਦਾ ਬੇਟਾ 20 ਸਾਲ ਤਕ ਸੂਬੇ ਦੀ ਸੇਵਾ ਕਰਕੇ ਹੁਣ ਸਮਾਜ ਦੀ ਸੇਵਾ ਲਈ ਰਾਜਨੀਤੀ 'ਚ ਆਇਆ ਹੈ। ਵੀਰੇਂਦਰ ਸਿੰਘ ਨੇ ਭਾਜਪਾ ਦੀ ਨੀਤੀ ਤਹਿਤ ਪਰਿਵਾਰਵਾਦ ਨੂੰ ਖਤਮ ਕਰਦੇ ਹੋਏ ਖੁਦ ਰਾਜਨੀਤੀ ਤੋਂ ਸੰਨਿਆਸ ਲੈ ਕੇ ਬੇਟੇ ਨੂੰ ਅੱਗੇ ਵਧਾਇਆ। ਸੂਬੇ 'ਚ ਜਿਨ੍ਹਾਂ ਲੋਕਾਂ ਨੇ ਰਾਜਨੀਤੀ ਨੂੰ ਪੇਸ਼ਾ ਬਣਾਇਆ ਹੈ, ਉਨ੍ਹਾਂ ਦੀ ਦੁਕਾਨਦਾਰੀ ਬੰਦ ਹੋਵੇਗੀ। ਵਜਿੰਦਰ ਸਿੰਘ ਦਾ ਰਾਜਨੀਤੀ 'ਚ ਆਉਣਾ ਸਵਾਗਤਯੋਗ ਹੈ।

ਸ. ਸੂਬੇ 'ਚ ਜਾਟ-ਨਾਨ ਜਾਟ ਦੀ ਰਾਜਨੀਤੀ ਅਹਿਮ ਬਿੰਦੂ ਰਹਿੰਦੀ ਹੈ, ਸਾਰੀਆਂ ਰਾਜਨੀਤਕ ਪਾਰਟੀਆਂ ਇਸੇ ਤਰ੍ਹਾਂ ਕੰਮ ਕਰ ਰਹੀਆਂ ਹਨ, ਭਾਜਪਾ ਦਾ ਕੀ ਟੀਚਾ ਰਹੇਗਾ?
ਜ.
ਸੂਬੇ 'ਚ ਜੋ ਜਾਤ-ਪਾਤ ਦੀ ਰਾਜਨੀਤੀ ਕਰਦੇ ਸਨ, ਹੁਣ ਉਨ੍ਹਾਂ ਦੀ ਰਾਜਨੀਤੀ ਖਤਮ ਹੋਣ ਵਾਲੀ ਹੈ। ਉਹ ਰਾਜਨੇਤਾ ਹੁਣ ਪਾਤਾਲ 'ਚ ਜਾਣ ਵਾਲੇ ਹਨ। ਇਸ ਤਰ੍ਹਾਂ ਦੀ ਰਾਜਨੀਤੀ ਭੁਪਿੰਦਰ ਸਿੰਘ ਹੁੱਡਾ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ। ਸੂਬੇ ਨੂੰ ਸਾੜਨ 'ਚ ਉਸ ਦੀ ਭੂਮਿਕਾ ਸੀ, ਰਾਜਕੁਮਾਰ ਸੈਣੀ ਨੇ ਵੀ ਇਹ ਪਾਪ ਕੀਤਾ, ਜਿਸ ਨੇ ਵੀ ਹਰਿਆਣਾ 'ਚ ਜਾਤ-ਪਾਤ ਦੀ ਰਾਜਨੀਤੀ ਕੀਤੀ ਹੈ, ਸੂਬੇ ਦੀ ਜਨਤਾ ਨੇ ਉਨ੍ਹਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਉਹ ਦੁਬਾਰਾ ਰਾਜਨੀਤੀ ਨਹੀਂ ਕਰ ਸਕੇ ਅਤੇ ਜੋ ਵੀ ਰਾਜਨੀਤਕ ਪਾਰਟੀ ਜਾਤ-ਪਾਤ ਦੀ ਰਾਜਨੀਤੀ ਕਰੇਗੀ, ਨੂੰ ਸੂਬੇ ਦੀ ਜਨਤਾ ਨਕਾਰ ਦੇਵੇਗੀ।

ਸ. ਪੰਜਾਬ ਦੇ ਇੰਚਾਰਜ ਹੋਣ ਦੇ ਨਾਤੇ ਉਥੋਂ ਦੀਆਂ 13 ਸੀਟਾਂ ਬਾਰੇ ਤੁਹਾਡਾ ਕੀ ਮੁਲਾਂਕਣ ਹੈ?
ਜ.
ਤਿੰਨ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ। ਆਖਰੀ ਪੜਾਅ 'ਚ ਪੰਜਾਬ ਦੀਆਂ ਚੋਣਾਂ ਹਨ। 4 ਮਹੀਨਿਆਂ ਤੋਂ ਮੈਂ ਨੇੜੇ ਤੋਂ ਪੰਜਾਬ ਨੂੰ ਸਮਝਣ ਤੇ ਉਸ ਨੂੰ ਟਟੋਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮਹਿਸੂਸ ਕੀਤਾ ਕਿ ਦਿਨ ਪ੍ਰਤੀ ਦਿਨ ਜਿਵੇਂ-ਜਿਵੇਂ ਮੋਦੀ ਤੇ ਅਮਿਤ ਸ਼ਾਹ ਦੀ ਮੁਹਿੰਮ ਵਧੀ ਹੈ, ਉਂਝ-ਉਂਝ ਮੋਦੀ ਲਹਿਰ ਤੂਫਾਨ ਬਣੀ ਅਤੇ ਹੁਣ ਸੁਨਾਮੀ ਦਾ ਰੂਪ ਲੈਣ ਵਾਲੀ ਹੈ। ਕੋਈ ਸ਼ੱਕ ਨਹੀਂ ਕਿ ਲੋਕਾਂ 'ਚ ਜੋਸ਼ ਪਹਿਲਾਂ ਤੋਂ ਜ਼ਿਆਦਾ ਵਧਿਆ ਹੈ, ਲੋਕਾਂ ਦਾ ਸੰਕਲਪ ਵਧਿਆ ਹੈ, ਫਿਰ ਇਕ ਵਾਰ ਮੋਦੀ ਸਰਕਾਰ। ਪੰਜਾਬ 'ਚ ਤੇਜ਼ੀ ਨਾਲ ਭਾਜਪਾ ਦਾ ਗ੍ਰਾਫ ਵਧਦਾ ਜਾ ਰਿਹਾ ਹੈ, ਪੰਜਾਬ ਸਰਹੱਦ 'ਤੇ ਮੌਜੂਦ ਹੈ ਅਤੇ ਇਥੋਂ ਦੀ ਵੀਰਗਾਥਾ ਰਹੀ ਹੈ। ਇਥੋਂ ਦਾ ਜਵਾਨ ਤੇ ਕਿਸਾਨ ਦੇਸ਼ ਹਿੱਤ ਲਈ ਦਿੱਲੀ ਦੇ ਤਖਤ 'ਤੇ ਕਿਸੇ ਅਜਿਹੇ ਆਦਮੀ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਪਾਕਿਸਤਾਨ ਦੇ ਅੱਗੇ ਗੋਡੇ ਟੇਕ ਲਵੇ। ਜੋ ਲੋਕ ਧਾਰਾ 370 ਨਾ ਹਟਣ ਦੇਣ ਦਾ ਐਲਾਨ ਕਰਦੇ ਹਨ, ਉਨ੍ਹਾਂ ਨੂੰ ਪੰਜਾਬ ਦੀ ਜਨਤਾ ਸਵੀਕਾਰ ਨਹੀਂ ਕਰੇਗੀ, ਅਜਿਹੇ ਲੋਕਾਂ ਨੂੰ ਜਨਤਾ ਸਬਕ ਸਿਖਾਏਗੀ, ਮੈਨੂੰ ਵਿਸ਼ਵਾਸ ਹੈ ਕਿ ਸਾਡੇ ਗਠਜੋੜ ਨੂੰ 13 ਦੀਆਂ 13 ਸੀਟਾਂ ਮਿਲਣਗੀਆਂ।

ਸ. ਸੰਨੀ ਦਿਓਲ ਨੂੰ ਗੁਰਦਾਸਪੁਰ 'ਚ ਪੰਜਾਬ ਕਾਂਗਰਸ ਪ੍ਰਧਾਨ ਦੇ ਸਾਹਮਣੇ ਉਤਾਰਿਆ ਗਿਆ ਹੈ। ਕਿਹੋ ਜਿਹਾ ਮੁਕਾਬਲਾ ਹੈ?
ਜ.
ਸੰਨੀ ਦਿਓਲ ਦੀ ਲੋਕਪ੍ਰਿਯਤਾ ਅਤੇ ਭਾਜਪਾ ਦੇ ਕਾਰਜਕਰਤਾ ਇਕਜੁੱਟ ਹੋ ਕੇ ਪਾਰਟੀ ਲਈ ਕੰਮ ਕਰਨਗੇ ਅਤੇ ਗੁਰਦਾਸਪੁਰ 'ਚ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਇਕਤਰਫਾ ਜਿੱਤ ਭਾਜਪਾ ਨੂੰ ਗੁਰਦਾਸਪੁਰ ਦੀ ਜਨਤਾ ਦੇਵੇਗੀ।

ਸ. ਚੋਣਾਂ ਅਧੀਨ ਪੰਜਾਬ 'ਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀਆਂ ਕਦੋਂ ਅਤੇ ਕਿੰਨੀਆਂ ਰੈਲੀਆਂ ਹੋਣਗੀਆਂ?
ਜ.
ਹੁਣ ਨਾਮਜ਼ਦਗੀਆਂ ਸ਼ੁਰੂ ਹੋਈਆਂ ਹਨ, ਤਿਆਰੀਆਂ ਚੱਲ ਰਹੀਆਂ ਹਨ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ 'ਚ ਚੋਟੀ ਦੇ ਨੇਤਾਵਾਂ ਦੀਆਂ ਰੈਲੀਆਂ ਜ਼ਰੂਰ ਹੋਣਗੀਆਂ। ਉਸ ਬਾਰੇ ਪ੍ਰੋਗਰਾਮ ਬਣਾਏ ਜਾ ਰਹੇ ਹਨ।

ਸ. ਸੀਨੀਅਰ ਨੇਤਾ ਸਾਂਪਲਾ ਨੇ ਕਿਹਾ ਕਿ ਗਊੂ ਹੱਤਿਆ ਹੋ ਗਈ?
ਜ.
ਦੇਖੋ ਮੈਂ ਸਾਂਪਲਾ ਨੂੰ ਚੰਗੇ ਤਰੀਕੇ ਨਾਲ ਜਾਣਦਾ ਹਾਂ, ਉਹ ਮੇਰੇ ਪੁਰਾਣੇ ਸਾਥੀ ਰਹੇ ਹਨ। ਇਹ ਭਾਸ਼ਾ ਸ਼ੈਲੀ ਉਨ੍ਹਾਂ ਦੀ ਨਹੀਂ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਭਾਜਪਾ ਸੰਗਠਨ ਦੇ ਕਾਰਜਕਰਤਾ ਕਿੰਨੇ ਸੰਘਰਸ਼ਸ਼ੀਲ ਹਨ। ਪੰਚ-ਸਰਪੰਚ ਦੀਆਂ ਚੋਣਾਂ ਤੋਂ ਲੈ ਕੇ ਐੱਮ. ਐੱਲ. ਏ. ਦੀਆਂ ਚੋਣਾਂ 'ਚ ਜਦੋਂ ਕਮਲ ਦਾ ਨਿਸ਼ਾਨ ਲੱਗਦਾ ਹੈ ਤਾਂ ਸੰਗਠਨ ਦੇ ਕਾਰਜਕਰਤਾ ਜੀ-ਜਾਨ ਲਾ ਦਿੰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਇਹ ਉਨ੍ਹਾਂ ਦੀ ਭਾਵਨਾ ਹੈ।


Iqbalkaur

Content Editor

Related News