ਲੁਧਿਆਣੇ ਦਾ ਮੇਅਰ ਚੁਣਨ ''ਚ ਵੀ ਕੈਪਟਨ ਨੇ ਸਿੱਧੂ ਨੂੰ ਕੀਤਾ ਕਿਨਾਰੇ

Tuesday, Mar 27, 2018 - 07:41 AM (IST)

ਲੁਧਿਆਣੇ ਦਾ ਮੇਅਰ ਚੁਣਨ ''ਚ ਵੀ ਕੈਪਟਨ ਨੇ ਸਿੱਧੂ ਨੂੰ ਕੀਤਾ ਕਿਨਾਰੇ

ਲੁਧਿਆਣਾ(ਹਿਤੇਸ਼)- ਪੰਜਾਬ ਦੇ ਬਾਕੀ ਸ਼ਹਿਰਾਂ ਖਾਸ ਕਰ ਕੇ ਅੰਮ੍ਰਿਤਸਰ ਤੇ ਜਲੰਧਰ ਦੇ ਮੇਅਰ ਚੁਣਨ ਲਈ ਵਿਸ਼ਵਾਸ ਵਿਚ ਨਾ ਲੈਣ ਕਾਰਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਖੂਬ ਹੰਗਾਮਾ ਕਰਨ ਦੇ ਬਾਵਜੂਦ ਲੁਧਿਆਣੇ ਦਾ ਮੇਅਰ ਬਣਾਉਣ ਦੇ ਮਾਮਲੇ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਕਿਨਾਰੇ ਕਰ ਦਿੱਤਾ ਹੈ ਜਿਸ ਤਹਿਤ ਸੀ. ਐੱਮ. ਦੇ ਦੂਤ ਦੇ ਰੂਪ 'ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੇਅਰਾਂ ਦੇ ਨਾਵਾਂ ਦਾ ਲਿਫਾਫਾ ਨਗਰ ਨਿਗਮ 'ਚ ਪਹੁੰਚਾਇਆ। ਉਸ ਫਰਮਾਨ ਨੂੰ ਮੰਨ ਕੇ ਕਾਂਗਰਸੀ ਕੌਂਸਲਰਾਂ ਨੇ ਮੇਅਰ ਲਈ ਬਲਕਾਰ ਸੰਧੂ, ਸੀਨੀਅਰ ਡਿਪਟੀ ਮੇਅਰ ਅਹੁਦੇ 'ਤੇ ਸ਼ਾਮ ਸੁੰਦਰ ਮਲਹੋਤਰਾ ਤੇ ਡਿਪਟੀ ਮੇਅਰ ਲਈ ਸਰਬਜੀਤ ਕੌਰ ਸ਼ਿਮਲਾਪੁਰੀ ਦੇ ਨਾਂ 'ਤੇ ਮੋਹਰ ਲਾ ਦਿੱਤੀ। ਹੁਣ ਸੁਆਲ ਇਹ ਹੈ ਕਿ ਜੋ ਕੰਮ ਲੋਕਲ ਬਾਡੀਜ਼ ਮੰਤਰੀ ਦੇ ਵਿਭਾਗ ਨਾਲ ਸਬੰੰਧਤ ਹੈ, ਉਸ ਨੂੰ ਪੰਚਾਇਤ ਮੰਤਰੀ ਦੇ ਹੱਥੋਂ ਕਿਉਂ ਕਰਵਾਇਆ ਜਾ ਰਿਹਾ ਹੈ? ਇਸ ਦਾ ਜਵਾਬ ਦੇਣ ਲਈ ਕੋਈ ਨੇਤਾ ਤਿਆਰ ਨਹੀਂ ਹੈ। ਇਥੋਂ ਤੱਕ ਕਿ ਖੁਦ ਬਾਜਵਾ ਨੇ ਮੰਨ ਲਿਆ ਹੈ ਕਿ ਉਹ ਸੀ. ਐੱਮ. ਦੇ ਭੇਜਣ 'ਤੇ ਇਥੇ ਆਏ ਹਨ। ਉਹ ਵੀ ਉਸ ਸਮੇਂ ਜਦੋਂ ਸਿੱਧੂ ਪੰਜਾਬ 'ਚੋਂ ਬਾਹਰ ਹੋਣ ਦੀ ਜਗ੍ਹਾ ਚੰਡੀਗੜ੍ਹ 'ਚ ਬੈਠ ਕੇ ਅੰਮ੍ਰਿਤਸਰ ਸਮਾਰਟ ਸਿਟੀ ਬਾਰੇ ਰੀਵਿਊ ਮੀਟਿੰਗ ਕਰ ਰਹੇ ਸਨ। ਇਸ ਨਾਲ ਕੈਪਟਨ ਤੇ ਸਿੱਧੂ ਦੇ ਰਿਸ਼ਤਿਆਂ 'ਚ ਖਟਾਸ ਹੋਣ  ਦਾ ਇਕ ਹੋਰ ਸਬੂਤ ਸਾਹਮਣੇ ਆ ਗਿਆ ਹੈ ਕਿਉਂਕਿ ਪਹਿਲਾਂ ਮੇਅਰ ਦਾ ਨਾਂ ਤੈਅ ਕਰਨ ਬਾਰੇ ਹੋਈ ਮੀਟਿੰਗ ਵਿਚ ਹੀ ਕਦੀ ਸਿੱਧੂ ਦੀ ਸ਼ਮੂਲੀਅਤ ਨਹੀਂ ਰਹੀ।


Related News