7 ਸਾਲ ਪਹਿਲਾਂ ਮਨਜ਼ੂਰ ਹੋਈ ਪੈਨਸ਼ਨ, ਮਿਲੀ ਇਕ ਵਾਰ ਵੀ ਨਹੀਂ

07/15/2017 12:08:31 AM

ਅਬੋਹਰ(ਰਹੇਜਾ)-ਪਾਰਦਰਸ਼ੀ ਸ਼ਾਸਨ ਦੇਣ ਦਾ ਵਾਅਦਾ ਕਰ ਕੇ ਸੱਤਾ 'ਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਵੀ ਪੈਨਸ਼ਨਧਾਰਕਾਂ ਨੂੰ ਅਫਸਰਸ਼ਾਹੀ ਦੀ ਲਾਪ੍ਰਵਾਹੀ ਕਾਰਨ ਭਾਰੀ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਨਸ਼ਨਧਾਰਕਾਂ ਨੇ ਸਰਕਾਰ ਤੋਂ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਲਾਪ੍ਰਵਾਹੀ ਦਾ ਆਲਮ ਇਹ ਹੈ ਕਿ 7 ਸਾਲ ਪਹਿਲਾਂ ਮਨਜ਼ੂਰ ਹੋਈ ਪੈਨਸ਼ਨ ਦਾ ਲਾਭ ਇਕ ਵਾਰ ਵੀ ਪੈਨਸ਼ਨਧਾਰਕਾਂ ਨੂੰ ਨਹੀਂ ਮਿਲਿਆ। ਜਾਣਕਾਰੀ ਦਿੰਦੇ ਹੋਏ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਦੱਸਿਆ ਕਿ ਇੰਦਰਾ ਨਗਰੀ ਗਲੀ ਨੰਬਰ 2 ਵਾਸੀ ਕਲਾਵੰਤੀ ਦੇਵੀ ਪਤਨੀ ਵਿਜੇ ਕੁਮਾਰ ਦੀ 7 ਸਾਲ ਪਹਿਲਾਂ ਵਿਭਾਗ ਵੱਲੋਂ ਪੈਨਸ਼ਨ ਮਨਜ਼ੂਰ ਕਰ ਦਿੱਤੀ ਗਈ ਸੀ ਪਰ ਕਲਾਵੰਤੀ ਦੇਵੀ ਨੂੰ ਇਕ ਵਾਰ ਵੀ ਇਸ ਦਾ ਲਾਭ ਨਹੀਂ ਮਿਲਿਆ। ਪੈਨਸ਼ਨ ਪ੍ਰਾਪਤ ਕਰਨ ਲਈ ਉਹ ਲਗਾਤਾਰ 7 ਸਾਲਾਂ ਤੋਂ ਬੈਂਕ ਆਫ ਇੰਡੀਆ ਦੇ ਚੱਕਰ ਕੱਟ ਰਹੀ ਹੈ, ਜਿਸ ਕਾਰਨ ਉਸ ਨੂੰ ਭਾਰੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀ ਪੈਨਸ਼ਨ ਪ੍ਰਾਪਤ ਕਰਨ ਲਈ ਉਹ ਕਈ ਵਾਰ ਬਾਲ ਤੇ ਮਹਿਲਾ ਕਲਿਆਣ ਵਿਭਾਗ, ਡੀ. ਸੀ. ਤੇ ਐੱਸ. ਡੀ. ਐੱਮ. ਦਫਤਰ ਵਿਚ ਵੀ ਅਪੀਲ ਕਰ ਚੁੱਕੀ ਹੈ ਪਰ ਅੱਜ ਤਕ ਉਸ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਤੋਂ ਲਾਪ੍ਰਵਾਹ ਅਧਿਕਾਰੀਆਂ 'ਤੇ ਕਾਰਵਾਈ ਕਰਨ ਤੇ ਪੈਨਸ਼ਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ।


Related News