7 ਸਾਲ ’ਚ ਚੌਥੀ ਵਾਰ ਵਿਧਾਇਕ ਚੁਣਨਗੇ ਧਰਮਸ਼ਾਲਾ ਦੇ ਵੋਟਰ

Friday, Apr 05, 2024 - 05:38 PM (IST)

7 ਸਾਲ ’ਚ ਚੌਥੀ ਵਾਰ ਵਿਧਾਇਕ ਚੁਣਨਗੇ ਧਰਮਸ਼ਾਲਾ ਦੇ ਵੋਟਰ

ਊਨਾ- ਧਰਮਸ਼ਾਲਾ ’ਚ ਹੋਣ ਜਾ ਰਹੀ ਵਿਧਾਨ ਸਭਾ ਸੀਟ ਦੀ ਉਪ ਚੋਣ ਦੌਰਾਨ ਹਲਕੇ ਦੇ ਵੋਟਰ 7 ਸਾਲ ’ਚ ਚੌਥੀ ਵਾਰ ਆਪਣਾ ਵਿਧਾਇਕ ਚੁਣਨਗੇ। ਇਸ ਤੋਂ ਪਹਿਲਾਂ ਧਰਮਸ਼ਾਲਾ ’ਚ 2017, 2019 ਅਤੇ 2022 ’ਚ ਚੋਣਾਂ ਹੋਈਆਂ ਸਨ ਪਰ ਹੁਣ ਕਾਂਗਰਸ ਦੇ ਵਿਧਾਇਕਾਂ ਵੱਲੋਂ ਦਲ-ਬਦਲ ਕੀਤੇ ਜਾਣ ਤੋਂ ਬਾਅਦ ਧਰਮਸ਼ਾਲਾ ਸਮੇਤ 6 ਹੋਰ ਸੀਟਾਂ ’ਤੇ ਵਿਧਾਨ ਸਭਾ ਚੋਣਾਂ ਦੀ ਨੌਬਤ ਆ ਗਈ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਕਿਸ਼ਨ ਕਪੂਰ ਨੇ ਕਾਂਗਰਸ ਦੇ ਉਮੀਦਵਾਰ ਸੁਧੀਰ ਸ਼ਰਮਾ ਨੂੰ ਹਰਾ ਦਿੱਤਾ ਸੀ। 2019 ’ਚ ਭਾਜਪਾ ਨੇ ਕਿਸ਼ਨ ਕਪੂਰ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਅਤੇ ਉਹ ਚੋਣ ਜਿੱਤ ਗਏ। ਲਿਹਾਜ਼ਾ ਧਰਮਸ਼ਾਲਾ ਸੀਟ ’ਤੇ ਉਪ ਚੋਣ ਦੀ ਨੌਬਤ ਆ ਗਈ ਸੀ। ਇਸ ਉਪ ਚੋਣ ’ਚ ਸੁਧੀਰ ਸ਼ਰਮਾ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਪਾਰਟੀ ਨੂੰ ਵਿਜੇ ਇੰਦਰ ਕਰਨ ਨੂੰ ਮੈਦਾਨ ਵਿਚ ਉਤਾਰਨਾ ਪਿਆ ਅਤੇ ਉਨ੍ਹਾਂ ਦੀ ਇਸ ਉਪ ਚੋਣ ’ਚ ਜ਼ਮਾਨਤ ਜ਼ਬਤ ਹੋ ਗਈ ਸੀ।

ਹਾਲਾਂਕਿ ਇਸ ਦੌਰਾਨ ਆਜ਼ਾਦ ਉਮੀਦਵਾਰ ਰਾਕੇਸ਼ ਚੌਧਰੀ ਨੇ 10 ਹਜ਼ਾਰ ਵੋਟਾਂ ਹਾਸਲ ਕਰ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਜਿਸ ਕਾਰਨ 2022 ’ਚ ਉਨ੍ਹਾਂ ਨੂੰ ਹੀ ਸੁਧੀਰ ਖਿਲਾਫ ਮੈਦਾਨ ’ਚ ਉਤਾਰ ਦਿੱਤਾ ਪਰ ਉਹ ਸੁਧੀਰ ਸ਼ਰਮਾ ਤੋਂ ਚੋਣ ਹਾਰ ਗਏ। ਹੁਣ ਬਦਲੇ ਹਾਲਾਤ ਵਿਚ ਜਦੋਂ ਸੁਧੀਰ ਭਾਜਪਾ ਦੇ ਉਮੀਦਵਾਰ ਹਨ ਤਾਂ ਰਾਕੇਸ਼ ਚੌਧਰੀ ਨੇ ਹਰ ਹਾਲ ’ਚ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਵਿਧਾਨ ਸਭਾ ਹਲਕੇ ’ਚ ਚੌਧਰੀ ਵੋਟਰਾਂ ਦਾ ਆਪਣਾ ਪ੍ਰਭਾਵ ਹੈ। ਧਰਮਸ਼ਾਲਾ ਦੇ ਮੌਜੂਦਾ ਵਿਧਾਇਕ ਸੁਧੀਰ ਸ਼ਰਮਾ ਨੂੰ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਦੇ ਇਕ ਦੋਸ਼ ’ਚ ਅਯੋਗ ਕਰਾਰ ਦਿੱਤਾ ਗਿਆ ਸੀ। 27 ਫਰਵਰੀ ਨੂੰ ਸ਼ਰਮਾ ਸਮੇਤ 6 ਹੋਰ ਵਿਧਾਇਕ ਵੀ ਅਯੋਗ ਕਰਾਰ ਦਿੱਤੇ ਗਏ ਸਨ।


author

Rakesh

Content Editor

Related News