ਗਊਆਂ ਦਾ ਭਰਿਆ ਕੈਂਟਰ ਫੜਿਆ, 20 ਮਰੀਆਂ ਤੇ 5 ਜ਼ਿੰਦਾ ਬਰਾਮਦ
Thursday, Sep 11, 2025 - 02:15 AM (IST)

ਮਾਨਸਾ (ਸੰਦੀਪ ਮਿੱਤਲ) - ਹਰਿਆਣਾ ਦੇ ਰੋੜੀ ਤੋਂ ਗਊਆਂ ਦਾ ਕੈਂਟਰ ਭਰ ਕੇ ਜੰਮੂ ਲਿਜਾ ਰਹੇ ਸਮੱਗਲਰਾਂ ਤੋਂ ਪੁਲਸ ਨੇ 25 ਗਊਆਂ ਦਾ ਭਰਿਆ ਕੈਂਟਰ ਫੜਿਆ। ਜਿਨ੍ਹਾਂ ਵਿਚ 20 ਗਊਆਂ ਮਰੀਆਂ ਪਾਈਆਂ ਗਈਆਂ ਅਤੇ 5 ਨੂੰ ਗੁਰੂ ਨਾਨਕ ਗਊਸ਼ਾਲਾ ਵਿਖੇ ਛੱਡ ਦਿੱਤਾ ਗਿਆ। ਗਊ ਸੁਰੱਕਸਾ ਸੇਵਾ ਦਲ ਪੰਜਾਬ ਦੇ ਚੇਅਰਮੈਨ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸਮੱਗਲਰ ਕੈਂਟਰ ਰਾਹ ਵਿਚ ਖਰਾਬ ਹੋਣ ਕਰ ਕੇ ਉਸ ਨੂੰ ਮਾਨਸਾ ਦੇ ਜ਼ਿਲੇ ਦੇ ਪਿੰਡ ਕੋਟਧਰਮੂ ਦੇ ਪੈਟਰੋਲ ਪੰਪ ਲਾਗੇ ਮੁੱਖ ਸੜਕ ’ਤੇ ਛੱਡ ਕੇ ਫਰਾਰ ਹੋ ਗਏ।
ਪੁਲਸ ਨੇ ਜਦੋਂ ਲਾਵਾਰਸ ਹਾਲਤ ਵਿਚ ਸੜਕ ’ਤੇ ਖੜ੍ਹਾ ਕੈਂਟਰ ਦੇਖਿਆ ਤਾਂ ਉਸ ਵਿਚ ਲੱਦੀਆਂ ਜਿਉਂਦੀਆਂ ਅਤੇ ਮਰੀਆਂ ਗਊਆਂ ਫੜੀਆਂ। ਗਊ ਸੁਰੱਖਿਆ ਸੇਵਾ ਦਲ ਪੰਜਾਬ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਗਊ ਸਮੱਗਲਰ ਗਊਆਂ ਦਾ ਭਰਿਆ ਇਕ ਕੈਂਟਰ ਪਿੰਡ ਕੋਟਧਰਮੂ ਛੱਡ ਕੇ ਫਰਾਰ ਹੋ ਗਏ ਹਨ। ਜਿਸ ਵਿਚ ਗਊਆਂ ਨੂੰ ਬੁਰੀ ਤਰ੍ਹਾਂ ਨੂੜਿਆ ਹੋਇਆ ਸੀ। ਮੌਕੇ ’ਤੇ ਪਹੁੰਚ ਕੇ ਪੁਲਸ ਨੇ ਕੈਂਟਰ ਐੱਚ.ਆਰ. 45 ਸੀ 6425 ਦੀ ਤਰਪਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ 25 ਗਊਆਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਜ਼ਖਮੀ 5 ਗਊਆਂ ਦਾ ਇਲਾਜ ਕਰਵਾਉਣ ਉਪਰੰਤ ਗੁਰੂ ਨਾਨਕ ਗਊਸ਼ਾਲਾ ਵਿਚ ਛੱਡ ਦਿੱਤਾ ਗਿਆ ਹੈ। ਜਦੋਂ ਕਿ ਬਾਕੀ 20 ਮ੍ਰਿਤਕ ਗਊਆਂ ਨੂੰ ਪੋਸਟਮਾਰਟਮ ਤੋਂ ਬਾਅਦ ਦਫਨਾ ਦਿੱਤਾ ਗਿਆ। ਕੋਟਧਰਮੂ ਪੁਲਸ ਨੇ ਅਣਪਛਾਤੇ ਗਊ ਸਮੱਗਲਰਾਂ ਖਿਲਾਫ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕਰਨ ਉਪਰੰਤ ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਵੱਲੋਂ ਕੈਂਟਰ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।
ਗਊ ਸੁਰੱਖਿਆ ਸੇਵਾ ਦਲ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ, ਬਿੰਦਰ ਸਿੰਘ, ਉਪ ਪ੍ਰਧਾਨ ਸ਼ੁਭ ਸ਼ਰਮਾ, ਮਾਨਸਾ ਦੇ ਚੇਅਰਮੈਨ ਜਸਵਿੰਦਰ ਸਿੰਘ, ਜੱਸੀ ਸਿੰਘ, ਬਿੱਟੂ ਸਿੰਘ, ਹਰਮਨ ਸਿੰਘ ਅਤੇ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਮੱਗਲਰ ਗਊਆਂ ਤੇ ਵੱਛੀਆਂ ਦਾ ਕੈਂਟਰ ਭਰ ਕੇ ਰੋੜੀ ਤੋਂ ਜੰਮੂ ਲੈ ਕੇ ਜਾ ਰਹੇ ਸਨ। ਰਸਤੇ ਵਿਚ ਕੈਂਟਰ ਅਚਾਨਕ ਖਰਾਬ ਹੋ ਗਿਆ ਤਾਂ ਉਸ ਨੂੰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਪੁਲਸ ਤੋਂ ਕੈਂਟਰ ਮਾਲਕ, ਡਰਾਈਵਰ ਅਤੇ ਸਮੱਗਲਰਾਂ ਦਾ ਪਤਾ ਲਗਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਕੈਂਟਰ ਨੂੰ ਕਬਜ਼ੇ ਵਿਚ ਲੈ ਕੇ ਗਊਆਂ ਦਾ ਕਤਲ ਕਰਨ ਵਾਲੇ ਡਰਾਈਵਰ ਸਮੇਤ ਨਾਮਲੂਮ ਸਮੱਗਲਰਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।