ਸਿੱਖ ਕੱਟੜਵਾਦ ਨੂੰ ਕੈਨੇਡਾ ਨੇ ਆਪਣੀ ਰਿਪੋਰਟ ''ਚੋਂ ਹਟਾਇਆ, ਭਾਰਤ ਨਾਖੁਸ਼

Monday, Apr 15, 2019 - 12:23 PM (IST)

ਸਿੱਖ ਕੱਟੜਵਾਦ ਨੂੰ ਕੈਨੇਡਾ ਨੇ ਆਪਣੀ ਰਿਪੋਰਟ ''ਚੋਂ ਹਟਾਇਆ, ਭਾਰਤ ਨਾਖੁਸ਼

ਟੋਰਾਂਟੋ/ਨਵੀਂ ਦਿੱਲੀ - ਕੈਨੇਡਾ ਨੇ ਆਪਣੀ ਤਾਜ਼ਾ ਰਿਪੋਰਟ 'ਚ ਧਾਰਮਿਕ ਕੱਟੜਵਾਦ ਅਤੇ ਖਾਲਿਸਤਾਨ ਨਾਲ ਜੁੜੇ ਸੰਦਰਭਾਂ ਨੂੰ ਹਟਾ ਦਿੱਤਾ ਹੈ। ਇਸ ਨੂੰ ਲੈ ਕੇ ਕੈਨੇਡਾ ਹੀ ਨਹੀਂ, ਭਾਰਤ ਦੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਭਾਰਤ ਸਰਕਾਰ ਕੈਨੇਡੀਅਨ ਸਰਕਾਰ ਵੱਲੋਂ ਚੁੱਕੇ ਇਨਾਂ ਕਦਮਾਂ ਤੋਂ ਨਾਖੁਸ਼ ਹੈ। ਦਰਅਸਲ, ਕੈਨੇਡਾ 'ਚ ਸਿੱਖ ਭਾਈਚਾਰੇ ਦਾ ਖਾਸਾ ਦਬਦਬਾਅ ਹੈ ਅਤੇ ਕੈਨੇਡਾ 'ਚ ਆਉਣ ਵਾਲੀਆਂ ਆਮ ਚੋਣਾਂ 'ਚ ਉਨ੍ਹਾਂ ਦਾ ਵੋਟਾਂ 'ਤੇ ਅਸਰ ਵੀ ਦੇਖਣ ਨੂੰ ਮਿਲਦਾ ਹੈ।
ਇਹੀ ਕਾਰਨ ਹੈ ਕਿ ਸੱਤਾਧਾਰੀ ਲਿਬਰਲ ਪਾਰਟੀ ਨੇ ਸਿੱਖ ਭਾਈਚਾਰੇ ਦੇ ਦਬਾਅ 'ਚ ਆਪਣੀ ਪਹਿਲਾਂ ਵਾਲੀ ਰਿਪੋਰਟ 'ਚ ਬਦਲਾਅ ਕਰਦੇ ਹੋਏ ਧਾਰਮਿਕ ਕੱਟੜਵਾਦ ਨਾਲ ਜੁੜੇ 6 ਅਤੇ ਖਾਲਿਸਤਾਨ ਨਾਲ ਜੁੜੇ 2 ਸੰਦਰਭਾਂ ਨੂੰ ਹਟਾ ਲਿਆ ਹੈ। ਅਜਿਹੇ 'ਚ ਇਸ ਨੂੰ ਲੈ ਕੇ ਭਾਰਤ ਖੁਸ਼ ਨਹੀਂ ਹੈ। ਦੱਸ ਦਈਏ ਕਿ ਵਿਦੇਸ਼ 'ਚ ਖਾਲਿਸਤਾਨ ਅਤੇ ਕੱਟੜਵਾਦ ਖਿਲਾਫ ਭਾਰਤ ਸਰਕਾਰ ਨੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਪੰਜਾਬ 'ਚ 80 ਦੇ ਦਹਾਕੇ 'ਚ ਖਾਲਿਸਤਾਨ ਅਤੇ ਕੱਟੜਵਾਦ ਦਾ ਰੂਪ ਦੇਖਣ ਨੂੰ ਮਿਲਿਆ ਸੀ। 
ਸੂਤਰਾਂ ਦੀ ਮੰਨੀਏ ਤਾਂ ਕੈਨੇਡਾ ਸਰਕਾਰ ਚੁਣਾਵੀ ਸਾਲ 'ਚ ਘਰੇਲੂ ਸਿਆਸੀ ਦਬਾਆਂ ਦੇ ਅੱਗੇ ਪੂਰੀ ਤਰ੍ਹਾਂ ਝੁੱਕ ਗਈ ਹੈ। ਦੱਸ ਦਈਏ ਕਿ 2018 ਦੀ ਸਰਕਾਰੀ ਰਿਪੋਰਟ 'ਚ ਕੱਟੜਵਾਦ ਅਤੇ ਅੱਤਵਾਦ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕੈਨੇਡਾ 'ਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਆਪਣੀ ਨਰਾਜ਼ਗੀ ਜਤਾਈ ਸੀ। ਭਾਰਤੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੈਨੇਡਾ ਸਰਕਾਰ ਦਾ ਇਹ ਕਦਮ ਚੋਣਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ।
'2019 ਪਬਲਿਕ ਰਿਪੋਰਟ ਆਨ ਦਿ ਟੈਰੇਰਿਸਟ ਥ੍ਰੈਟ ਟੂ ਕੈਨੇਡਾ' ਨਾਂ ਅਪਡੇਟੇਡ ਰਿਪੋਰਟ 'ਚ ਕੱਟੜਵਾਦ ਨਾਲ ਜੁੜੇ ਸੰਦਰਭਾਂ ਨੂੰ ਹਟਾ ਲਿਆ ਗਿਆ ਹੈ। ਇਸ ਅਪਡੇਟੇਡ ਰਿਪੋਰਟ ਨੂੰ ਸ਼ੁੱਕਰਵਾਰ ਨੂੰ ਹੀ ਰਿਲੀਜ਼ ਕੀਤਾ ਗਿਆ ਹੈ। ਇਹ ਰਿਪੋਰਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਸਾਖੀ ਪਰੇਡ 'ਚ ਸ਼ਾਮਲ ਹੋਣ ਤੋਂ 24 ਘੰਟੇ ਪਹਿਲਾਂ ਰਿਲੀਜ਼ ਕੀਤੀ ਗਈ ਹੈ। ਇਸ ਪਰੇਡ ਨੂੰ ਖਾਲਸਾ ਦੀਵਾਨ ਸੋਸਾਇਟੀ ਅਤੇ ਨੈਸ਼ਨਲ ਡਿਫੈਂਸ ਮੰਤਰੀ ਹਰਜੀਤ ਸੱਜਣ ਵੱਲੋਂ ਆਯੋਜਿਤ ਕੀਤਾ ਗਿਆ ਸੀ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਵੱਲੋਂ ਖਾਲਿਸਤਾਨੀ ਕੱਟੜਵਾਦ ਨੂੰ ਆਪਣੇ ਖਤਰਿਆਂ ਦੀ ਲਿਸਟ 'ਚੋਂ ਹਟਾਉਣ ਨੂੰ ਟਰੂਡੋ ਸਰਕਾਰ ਦਾ ਚੋਣ ਸਟੰਟ ਕਰਾਰ ਦਿੱਤਾ ਹੈ। ਕੈਪਟਨ ਦਾ ਆਖਣਾ ਹੈ ਕਿ ਕੈਨੇਡਾ ਸਰਕਾਰ ਦੇ ਇਸ ਫੈਸਲੇ ਦਾ ਅਸਰ ਨਾ ਸਿਰਫ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਤੋਂ ਇਲਾਵਾ ਪੂਰੀ ਦੁਨੀਆ 'ਤੇ ਹੋਵੇਗਾ। ਇਥੇ ਦੱਸ ਦਈਏ ਕਿ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਦੌਰੇ 'ਤੇ ਆਏ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ 'ਤੇ ਕਈ ਤਰ੍ਹਾਂ ਦੋਸ਼ ਲਾਏ ਸਨ।


author

Khushdeep Jassi

Content Editor

Related News