ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ ਠੱਗੇ 7 ਲੱਖ ਰੁਪਏ

Wednesday, Aug 15, 2018 - 04:04 AM (IST)

ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ ਠੱਗੇ 7 ਲੱਖ ਰੁਪਏ

ਕਪੂਰਥਲਾ,   (ਭੂਸ਼ਣ)-  ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਬੈਂਗਲੁਰੂ ਵਿਚ ਇਕ ਘਰ ’ਚ ਕਈ ਦਿਨਾਂ ਤੱਕ ਬੰਧਕ ਬਣਾਏ ਰੱਖਣ ਅਤੇ ਜਾਨੋਂ ਮਾਰਨ ਦੀਅਾਂ ਧਮਕੀਅਾਂ ਦੇਣ  ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ  ਅਣਪਛਾਤੇ 2 ਮੁਲਜ਼ਮਾਂ  ਦੇ ਖਿਲਾਫ ਵੱਖ-ਵੱਖ ਧਾਰਾਵਾਂ  ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। 
ਜਾਣਕਾਰੀ  ਅਨੁਸਾਰ ਦਿਨੇਸ਼ ਕੁਮਾਰ  ਪੁੱਤਰ ਅਵਿਨਾਸ਼ ਚੰਦਰ ਵਾਸੀ ਸ਼ੇਖੂਪੁਰ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਫੁਆਰਾ ਚੌਕ ਕਪੂਰਥਲਾ ਵਿਚ ਮੋਬਾਇਲ ਰਿਪੇਅਰਇੰਗ ਦੀ ਦੁਕਾਨ ਕਰਦਾ ਹੈ ਅਤੇ  ਵਿਦੇਸ਼ ਜਾਣਾ ਚਾਹੁੰਦਾ ਸੀ, ਇਸ ਦੌਰਾਨ ਉਸ ਨੂੰ ਕਿਸੇ ਤੋਂ ਪਤਾ ਲੱਗਾ ਕਿ ਕਪੂਰਥਲਾ ਦੇ ਗੁਰੂ ਨਾਨਕ ਨਗਰ ਵਾਸੀ ਜਤਿੰਦਰ ਸਿੰਘ  ਪੁੱਤਰ ਕੁਲਵੰਤ ਸਿੰਘ  ਜੋ ਕਿ ਜਲੰਧਰ ਵਿਚ ਇਮੀਗ੍ਰੇਸ਼ਨ ਦਫਤਰ ਚਲਾਉਂਦਾ ਹੈ, ਕੈਨੇਡਾ ਵਿਚ ਵਰਕ ਪਰਮਿਟ ’ਤੇ ਭੇਜਦਾ ਹੈ, ਜਿਸ  ਦੌਰਾਨ ਜਦੋਂ ਉਸ ਨੇ ਜਤਿੰਦਰ ਸਿੰਘ  ਨਾਲ ਸੰਪਰਕ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਹ ਉਸ ਨੂੰ 26 ਲੱਖ ਰੁਪਏ ਵਿਚ ਕੈਨੇਡਾ ਦਾ ਵਰਕ ਪਰਮਿਟ ਲੈ ਕੇ ਦੇਵੇਗਾ ਅਤੇ ਸਾਰੀ ਰਕਮ ਉਸ  ਦੇ ਕੈਨੇਡਾ ਭੇਜਣ  ਦੇ ਬਾਅਦ ਲਈ ਜਾਵੇਗੀ, ਜਿਸ ’ਤੇ ਉਹ ਉਸ  ਦੇ ਝਾਂਸੇ ਵਿਚ ਆ ਗਿਆ।  
ਇਸ ਦੌਰਾਨ ਜਤਿੰਦਰ ਸਿੰਘ  ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕੈਨੇਡਾ  ਦੇ ਕੰਮ ਲਈ ਮੁੰਬਈ ਜਾਣਾ ਹੋਵੇਗਾ, ਇਸ ਲਈ ਉਸ ਦੀ ਟਿਕਟ ਉਹ ਖੁਦ  ਲਾਵੇਗਾ ਪਰ  ਉਸ ਨੂੰ ਆਪਣੇ ਨਾਲ ਇਕ ਹਜ਼ਾਰ ਡਾਲਰ ਅਤੇ ਨਕਦੀ  ਲਿਜਾਣੀ ਪਵੇਗੀ। ਜਦੋਂ ਉਹ ਜਤਿੰਦਰ ਸਿੰਘ  ਨਾਲ ਟਿਕਟ ਲੈ ਕੇ ਮੁੰਬਈ ਪਹੁੰਚਿਆ ਤਾਂ ਜਤਿੰਦਰ ਸਿੰਘ  ਨੇ ਉਸ ਨੂੰ ਮੁੰਬਈ  ਦੇ ਅੰਧੇੇਰੀ ਖੇਤਰ ਤੋਂ ਕਿਸੇ ਵਿਅਕਤੀ ਨਾਲ ਮਿਲਣ ਨੂੰ ਕਿਹਾ। ਉਕਤ ਵਿਅਕਤੀ ਉਸ ਨੂੰ ਇਕ ਹੋਰ ਨੌਜਵਾਨ ਜੋ ਕਿ ਕੈਨੇਡਾ ਜਾਣ ਦੀ ਤਿਆਰੀ ਵਿਚ ਸੀ,  ਦੇ ਨਾਲ ਬੈਂਗਲੁਰੂ ਲੈ ਗਿਆ।  ਬੈਂਗਲੁਰੂ ਉਕਤ ਮੁਲਜ਼ਮ  ਉਸ ਨੂੰ ਸ਼ਹਿਰ ਤੋਂ ਕਾਫ਼ੀ ਦੂਰ ਇਕ ਕਮਰੇ ਵਿਚ ਲੈ ਗਿਆ। ਜਿਥੇ ਉਕਤ ਮੁਲਜ਼ਮਾਂ ਨੇ ਮੈਨੂੰ ਅਤੇ ਮੇਰੇ ਨਾਲ ਆਏ ਨੌਜਵਾਨ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਹਰ ਰੋਜ਼ ਪਿਸਤੌਲ  ਦੀ ਨੋਕ ’ਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮਾਂ ਨੇ ਉਨ੍ਹਾਂ ਦੋਵਾਂ ਨੂੰ ਮਾਰਨ ਦੀਅਾਂ ਧਮਕੀਅਾਂ ਦਿੰਦੇ ਹੋਏ ਘਰੋਂ ਪੈਸੇ ਮੰਗਵਾਉਣ ਦੀ ਗੱਲ ਕਹੀ।  ਜਿਸ ’ਤੇ ਉਸ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਆਪਣੇ ਘਰੋਂ 7 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ।  
ਇਸ ਦੌਰਾਨ ਮੁਲਜ਼ਮਾਂ ਨਾਲ ਸਬੰਧਤ ਇਕ ਵਿਅਕਤੀ ਕਪੂਰਥਲਾ ਆ ਕੇ ਉਸ  ਦੇ ਪਰਿਵਾਰਕ  ਮੈਂਬਰਾਂ ਤੋਂ  7 ਲੱਖ ਰੁਪਏ ਦੀ ਰਕਮ ਲੈ ਗਿਆ।  ਇਸ ਦੌਰਾਨ ਉਕਤ ਮੁਲਜ਼ਮਾਂ ਨੇ ਦੂਜੇ ਨੌਜਵਾਨ ਤੋਂ ਵੀ ਪਿਸਤੌਲ  ਦੀ ਨੋਕ ’ਤੇ ਮੋਟੀ ਰਕਮ ਲਈ।  ਇਸ  ਦੌਰਾਨ ਉਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਛੱਡਣ ਦੀ ਮਿੰਨਤ ਕੀਤੀ। ਮੁਲਜ਼ਮ  ਉਨ੍ਹਾਂ ਦੋਵਾਂ ਨੂੰ ਪਿਸਤੌਲ  ਦੀ ਨੋਕ ’ਤੇ ਬੈਂਗਲੁਰੂ ਸ਼ਹਿਰ  ਦੇ ਬਾਹਰਲੇ ਖੇਤਰ ’ਚ ਛੱਡ ਗਏ ਅਤੇ ਉਹ ਕਿਸੇ ਤਰ੍ਹਾਂ ਬਚ ਕੇ ਆਪਣੇ ਘਰ ਪੁੱਜੇ।  ਕਪੂਰਥਲਾ ਆ ਕੇ ਜਦੋਂ ਉਸ ਨੇ ਮੁਲਜ਼ਮ ਜਤਿੰਦਰ  ਸਿੰਘ  ਤੋਂ ਉਸ  ਦੇ ਜਲੰਧਰ ਦਫ਼ਤਰ ’ਚ ਜਾ ਕੇ ਆਪਣੀ ਰਕਮ ਮੰਗੀ ਤਾਂ ਉਹ ਧਮਕੀਅਾਂ ਦੇਣ ਲੱਗਾ,  ਜਿਸ ’ਤੇ ਉਸ ਨੇ ਥਾਣਾ ਬਾਰਾਂਦਰੀ ਦੀ ਪੁਲਸ ਨੂੰ ਸੂਚਨਾ ਦਿੱਤੀ।  ਬਾਰਾਂਦਰੀ ਪੁਲਸ  ਦੇ ਸਾਹਮਣੇ ਮੁਲਜ਼ਮ  ਜਤਿੰਦਰ ਸਿੰਘ  ਨੇ ਉਸ ਨੂੰ 7 ਲੱਖ ਰੁਪਏ  ਦੇ ਚੈੱਕ  ਦੇ ਦਿੱਤੇ ਪਰ ਇਸ  ਦੇ ਬਾਵਜੂਦ ਵੀ ਮੁਲਜ਼ਮ  ਉਸ ਨੂੰ ਧਮਕੀਆਂ ਦਿੰਦਾ ਰਿਹਾ ਅਤੇ ਉਸ  ਦੇ ਚੈੱਕ ਵੀ ਪਾਸ ਨਹੀਂ ਹੋਏ।ਐੱਸ. ਐੱਸ. ਪੀ. ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਬ ਡਵੀਜ਼ਨ ਨੂੰ ਜਾਂਚ  ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਜਤਿੰਦਰ  ਸਿੰਘ  ਅਤੇ ਉਸ  ਦੇ ਇਕ ਅਣਪਛਾਤੇ ਸਾਥੀ  ਦੇ ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਸਾਬਤ ਹੋਏ,  ਜਿਸ  ਦੇ ਆਧਾਰ ’ਤੇ ਮੁਲਜ਼ਮ ਫਰਜ਼ੀ ਟ੍ਰੇਵਲ ਏਜੰਟ ਜਤਿੰਦਰ ਸਿੰਘ   ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News