ਕੈਨੇਡਾ ਭੇਜਣ ਦੇ ਨਾਂ ’ਤੇ ਹੈੱਡ ਗ੍ਰੰਥੀ ਅਤੇ ਉਸਦੇ ਸਾਥੀਆਂ ਨਾਲ 24 ਲੱਖ ਤੋਂ ਵੱਧ ਦੀ ਠੱਗੀ

Tuesday, May 09, 2023 - 05:16 PM (IST)

ਕੈਨੇਡਾ ਭੇਜਣ ਦੇ ਨਾਂ ’ਤੇ ਹੈੱਡ ਗ੍ਰੰਥੀ ਅਤੇ ਉਸਦੇ ਸਾਥੀਆਂ ਨਾਲ 24 ਲੱਖ ਤੋਂ ਵੱਧ ਦੀ ਠੱਗੀ

ਰੂਪਨਗਰ (ਵਿਜੇ) : ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਉਸਦੇ ਹੋਰ ਸਾਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕੀਤੀ ਗਈ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਜ਼ਿਲ੍ਹੇ ਦੀ ਸਿਟੀ ਮੋਰਿੰਡਾ ਪੁਲਸ ਨੇ ਮੁਲਜ਼ਮ ਪਤੀ-ਪਤਨੀ ਦੇ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਕਾਇਤ ਕਰਤਾ ਕਸ਼ਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਰਾਜਪੁਰਾ ਜ਼ਿਲ੍ਹਾ ਪਟਿਆਲਾ ਹਾਲ ਗੁਰਦੁਆਰਾ ਅਹਿਮਾ ਸਾਹਿਬ ਪਿੰਡ ਸਹੇੜੀ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਹੈੱਡ ਗ੍ਰੰਥੀ ਹੈ। ਜਿੱਥੇ ਮੁਲਜ਼ਮ ਮਨਦੀਪ ਕੌਰ ਦਾ ਆਉਣਾ ਜਾਣਾ ਸੀ ਜਿਸ ਕਾਰਨ ਉਸਦੀ ਮਨਦੀਪ ਕੌਰ ਨਾਲ ਪਹਿਚਾਣ ਹੋ ਗਈ।

ਕਸ਼ਮੀਰ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਨੇ ਕਿਹਾ ਕਿ ਉਸਦੇ ਘਰਵਾਲਾ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਅਤੇ ਤੁਹਾਨੂੰ ਵੀ ਵਿਦੇਸ਼ ਭੇਜ ਦੇਵੇਗਾ। ਜਿਸ ਤੋਂ ਬਾਅਦ ਮੁਲਜ਼ਮ ਰਜਿੰਦਰ ਸਿੰਘ ਨੇ ਸ਼ਕਾਇਤਕਰਤਾ ਕੋਲੋਂ ਵੱਖ-ਵੱਖ ਮਿਤੀਆਂ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਵੀਜ਼ਾ ਦਿਖਾ ਕੇ 14,38000 ਰੁ. ਅਤੇ ਉਸਦਾ ਪਾਸਪੋਰਟ ਲੈ ਲਿਆ ਅਤੇ ਉਸਦੇ ਹੋਰ ਸਾਥੀਆਂ ਤੋਂ ਵੀ ਵਿਦੇਸ਼ ਭੇਜਣ ਸਬੰਧੀ ਪੈਸੇ ਹਾਸਲ ਕੀਤੇ। ਮੁਲਜ਼ਮ ਨੇ ਸ਼ਿਕਾਇਤਕਰਤਾ ਤੇ ਉਸਦੇ ਸਾਥੀਆਂ ਨਾਲ 24,49,500 ਰੁ. ਦੀ ਠੱਗੀ ਮਾਰੀ ਅਤੇ ਉਨ੍ਹਾਂ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਤੇ ਪਾਸਪੋਰਟ ਵਾਪਿਸ ਕੀਤੇ। ਪੁਲਸ ਕੋਲ ਮਾਮਲਾ ਜਾਣ ’ਤੇ ਹੁਣ ਪੁਲਸ ਨੇ ਮੁਲਜ਼ਮ ਮਨਦੀਪ ਕੌਰ ਅਤੇ ਉਸਦੇ ਪਤੀ ਰਜਿੰਦਰ ਸਿੰਘ ਨਿਵਾਸੀ ਪਿੰਡ ਰਾਜਪੁਰਾ ਹਾਲ ਪਾਲਮ ਇਨਕਲੇਵ ਮੋਰਿੰਡਾ ਜ਼ਿਲ੍ਹਾ ਰੂਪਨਗਰ ’ਤੇ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News