ਕੈਨੇਡਾ ਭੇਜਣ ਦੇ ਚੱਕਰ ’ਚ ਕੁੜੀ ਨਾਲ ਖੇਡੀ ਚਾਲ, ਹੈਰਾਨ ਕਰ ਦੇਵੇਗੀ ਪਤੀ-ਪਤਨੀ ਦੀ ਕਰਤੂਤ

04/11/2021 12:26:28 PM

ਸ੍ਰੀ ਚਮਕੌਰ ਸਾਹਿਬ (ਕੌਸ਼ਲ)- ਵਿਦੇਸ਼ ਭੇਜਣ ਦੇ ਨਾਂ ’ਤੇ ਲਗਭਗ 11 ਲੱਖ ਰੁਪਏ ਹੜੱਪਣ ਵਾਲੇ ਅਤੇ ਕੁੜੀ ਨੂੰ ਜਹਾਜ਼ ’ਤੇ ਚੜ੍ਹਾਉਣ ਦੀ ਬਜਾਏ ਹਰਿਆਣੇ ਦੇ ਰੋਹਤਕ ਵਿਚ ਸੁੱਤੀ ਪਈ ਨੂੰ ਛੱਡਣ ਵਾਲੇ ਕਥਿਤ ਮੁਲਜ਼ਮਾਂ ਵਿਰੁੱਧ ਪੁਲਸ ਨੇ ਪਰਚਾ ਦਰਜ ਕੀਤਾ ਹੈ। ਸਥਾਨਕ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਅਰਾਈਵਾੜਾ ਮੁਹੱਲਾ ਸ੍ਰੀ ਚਮਕੌਰ ਸਾਹਿਬ ਨੇ ਪੁਲਸ ਕੋਲ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਾਡੇ ਗੁਆਂਢੀ ਹਰਪ੍ਰੀਤ ਸਿੰਘ ਦੇ ਘਰ ਕੁਝ ਸਮਾਂ ਪਹਿਲਾਂ ਇਨ੍ਹਾਂ ਦੇ ਰਿਸ਼ਤੇਦਾਰ ਇੰਦਰਜੀਤ ਸਿੰਘ ਅਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਵਾਸੀ ਪਿੰਡ ਚਲਾਕੀ ਮੋਰਿੰਡਾ ਆਏ ਹੋਏ ਸਨ।

ਇਹ ਵੀ ਪੜ੍ਹੋ : 33 ਲੱਖ ਲਗਾ ਕੇ ਕੈਨੇਡਾ ਭੇਜੀ ਪਤਨੀ ਨੇ ਚਾੜ੍ਹਿਆ ਚੰਨ, ਪਿੱਛੋਂ ਪਤੀ ਦੇ ਉੱਡੇ ਹੋਸ਼

ਇਨ੍ਹਾਂ ਵਿਚੋਂ ਜਸਪ੍ਰੀਤ ਕੌਰ ਨੇ ਸਾਨੂੰ ਦੱਸਿਆ ਕਿ ਉਸਦਾ ਪੇਕਾ ਪਿੰਡ ਜੈਦਾ ਜ਼ਿਲਾ ਬਠਿੰਡਾ ਹੈ ਅਤੇ ਉਸ ਦੇ ਪਰਿਵਾਰ ਵਾਲੇ ਵਰਕ ਪਰਮਿਟ ’ਤੇ ਲੋਕਾਂ ਨੂੰ ਕੈਨੇਡਾ ਭੇਜਦੇ ਹਨ, ਜਿਸ ’ਤੇ ਮੇਰੀ ਧੀ ਤਰਮਨਪ੍ਰੀਤ ਕੌਰ ਨੂੰ ਇਨ੍ਹਾਂ ਨੇ ਭਰੋਸੇ ਵਿਚ ਲੈ ਲਿਆ ਅਤੇ ਮੈਂ ਵੀ ਅਪਣੀ ਧੀ ਨੂੰ ਕੈਨੇਡਾ ਭੇਜਣ ਲਈ ਰਾਜੀ ਹੋ ਗਿਆ, ਇਸ ਕੰਮ ਲਈ ਉਨ੍ਹਾਂ 14 ਲੱਖ ਰੁਪਏ ਮੰਗੇ। ਉਪਰੰਤ ਮੈਂ ਇਨ੍ਹਾਂ ਨੂੰ ਆਪਣੀ ਧੀ ਦਾ ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ਾਤ ਅਤੇ ਇਨ੍ਹਾਂ ਦੀ ਮੰਗ ਅਨੁਸਾਰ ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਖਾਤਿਆਂ ਵਿਚ ਪੈਸੇ ਪਾਏ ਅਤੇ 70-80 ਹਜ਼ਾਰ ਰੁਪਏ ਕੈਸ਼ ਵੀ ਦਿੱਤੇ। ਇੰਝ ਕੁੱਲ ਮਿਲਾ ਕੇ ਇਨ੍ਹਾਂ ਨੇ 11 ਲੱਖ 10 ਹਜ਼ਾਰ ਰੁਪਏ ਲੈ ਲਏ ਅਤੇ ਬਾਕੀ ਰਹਿੰਦੀ ਰਕਮ ਕੰਮ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਵੀ ਕੀਤਾ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਬੱਸ ’ਤੇ ਹਮਲਾ, ਚਲਾਈਆਂ ਗੋਲ਼ੀਆਂ

ਕੁਝ ਦਿਨਾਂ ਬਾਅਦ ਦੋਵੇਂ ਪਤੀ-ਪਤਨੀ ਨੇ ਕਿਹਾ ਕਿ ਤੁਹਾਡੀ ਕੁੜੀ ਦਾ ਫਲਾਈਟ ਹੈ, ਤੁਸੀਂ ਆਪਣੀ ਧੀ ਨੂੰ ਚੰਡੀਗੜ੍ਹ ਲੈ ਕੇ ਆ ਜਾਓ। ਜਦੋਂ ਅਸੀਂ ਆਪਣੀ ਕੁੜੀ ਨੂੰ ਚੰਡੀਗੜ੍ਹ ਛੱਡਣ ਗਏ ਤਾਂ ਉਨ੍ਹਾਂ ਕਿਹਾ ਕਿ ਤੁਹਾਡੀ ਕੁੜੀ ਦੀ ਫਲਾਈਟ ਦਿੱਲੀ ਤੋਂ ਹੋਵੇਗੀ, ਜਿਸ ਕਾਰਣ ਅਸੀਂ ਆਪਣੀ ਧੀ ਨੂੰ ਇਨ੍ਹਾਂ ਨਾਲ ਗੱਡੀ ਵਿਚ ਦਿੱਲੀ ਭੇਜ ਦਿੱਤਾ। ਜਦਕਿ ਇਹ ਮੇਰੀ ਕੁੜੀ ਨੂੰ ਦਿੱਲੀ ਏਅਰਪੋਰਟ ’ਤੇ ਲਿਜਾਣ ਦੀ ਬਜਾਏ ਰੋਹਤਕ ਲੈ ਗਏ ਅਤੇ ਉੱਥੇ 3 ਦਿਨ ਰਹਿਣ ਉਪਰੰਤ ਉਸ ਨੂੰ ਸੁੱਤੀ ਪਈ ਨੂੰ ਛੱਡ ਕੇ ਫਰਾਰ ਹੋ ਗਏ ਅਤੇ ਉਸ ਦੇ ਮੋਬਾਇਲ ਫੋਨ ਦਾ ਸਿੰਮ ਵੀ ਕੱਢ ਕੇ ਲੈ ਗਏ। ਬਾਅਦ ਵਿਚ ਧੀ ਨੇ ਫੋਨ ਕਰਕੇ ਸਾਨੂੰ ਬੁਲਾਇਆ ਅਤੇ ਸਾਰੀ ਗੱਲ ਦੱਸੀ। ਅਸੀਂ ਰੋਹਤਕ ਪੁਲਸ ਚੌਕੀ ਵਿਚ ਉਕਤ ਸਾਰੀ ਘਟਨਾ ਦੀ ਰਿਪੋਰਟ ਦਰਜ ਕਰਵਾ ਦਿੱਤੀ ਅਤੇ ਹੁਣ ਉਪਰੋਕਤ ਪਤੀ-ਪਤਨੀ ਆਦਿ ਲਾਪਤਾ ਹੋ ਗਏ ਅਤੇ ਫੋਨ ਵੀ ਬੰਦ ਕਰ ਲਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨੀ ਮੁੰਡੇ ਨਾਲ ਚੈਟਿੰਗ ’ਤੇ ਹੋਇਆ ਪਿਆਰ, 25 ਤੋਲੇ ਸੋਨਾ ਲੈ ਕੇ ਉੜੀਸਾ ਤੋਂ ਕਰਤਾਰਪੁਰ ਕੌਰੀਡੋਰ ਪਹੁੰਚੀ ਕੁੜੀ

ਉਪਰੋਕਤ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜਦੋਂ ਇਸ ਦਰਖਾਸਤ ਦੀ ਜਾਂਚ ਕੀਤੀ ਗਈ ਤਾਂ ਉਪਰੋਕਤ ਕਥਿਤ ਦੋਸ਼ੀਆਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਅਪਣੇ ਪੁੱਤਰ ਅਤੇ ਨੂੰਹ ਨੂੰ ਬੇਦਖਲ ਕੀਤਾ ਹੋਇਆ ਹੈ, ਜੋ ਲੰਮੇ ਸਮੇਂ ਤੋਂ ਸਾਡੇ ਨਾਲ ਨਹੀਂ ਰਹਿੰਦੇ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ’ਚ ਬੱਕਰੀ ਨੇ ਜੰਮਿਆ ਅਨੋਖਾ ਲੇਲਾ, ਲੋਕਾਂ ਨੇ ਸਮਝਿਆ ਭਗਵਾਨ ਗਣੇਸ਼ ਦਾ ਰੂਪ, ਦੇਖਣ ਵਾਲਿਆਂ ਦੇ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News