ਪਿੰਡ ਦੇ ਹੀ ਵਿਅਕਤੀ ਨੂੰ ਕੈਨੇਡਾ ਭੇਜਣ ਦੇ ਨਾਂ ''ਤੇ ਸਾਢੇ 25 ਲੱਖ ''ਚ ਠੱਗਿਆ
Tuesday, Aug 08, 2017 - 05:56 PM (IST)
ਮੋਹਾਲੀ (ਕੁਲਦੀਪ) : ਜ਼ਿਲਾ ਅੰਮ੍ਰਿਤਸਰ ਦੇ ਪਿੰਡ ਕੋਟਲੀ ਮੱਲ੍ਹੀਆਂ ਨਿਵਾਸੀ ਇਕ ਵਿਅਕਤੀ ਗੁਰਪਾਲ ਸਿੰਘ ਵੱਲੋਂ ਆਪਣੇ ਹੀ ਪਿੰਡ ਦੇ ਵਸਨੀਕ ਵਿਅਕਤੀ ਹਰਪਾਲ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਸਾਢੇ 25 ਲੱਖ ਰੁਪਏ ਲੈ ਕੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਗੁਰਪਾਲ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਪਲਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਸ ਦੌਰਾਨ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ। ਸੋਮਵਾਰ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਦੌਰਾਨ ਮਾਨਯੋਗ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ।
ਕੇਸ ਦੇ ਜਾਂਚ ਅਧਿਕਾਰੀ ਏ. ਐਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਹਰਪਾਲ ਸਿੰਘ ਜੋ ਕਿ ਮੂਲ ਰੂਪ ਵਿਚ ਪਿੰਡ ਕੋਟਲੀ ਮੱਲ੍ਹੀਆਂ (ਅੰਮ੍ਰਿਤਸਰ) ਦਾ ਹੀਰਹਿਣ ਵਾਲਾ ਹੈ, ਨੇ ਗੁਰਪਾਲ ਸਿੰਘ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦੇ ਪਿੰਡ ਕੋਟਲੀ ਮੱਲ੍ਹੀਆਂ ਦਾ ਵਸਨੀਕ ਹਰਪਾਲ ਸਿੰਘ ਇਕ ਦੋ ਵਾਰ ਵਿਦੇਸ਼ ਦੇ ਦੌਰੇ ਕਰ ਚੁੱਕਾ ਹੈ। ਉਸਨੇ ਸ਼ਿਕਾਇਤਕਰਤਾ ਨੂੰ ਸਾਲ 2012 ਵਿਚ ਕੈਨੇਡਾ ਭੇਜਣ ਦੀ ਗੱਲ ਕੀਤੀ ਅਤੇ 30 ਲੱਖ ਰੁਪਏ ਵਿਚ ਗੱਲਬਾਤ ਤੈਅ ਹੋਈ ਜਿਸ ਉਪਰੰਤ ਸ਼ਿਕਾਇਤਕਰਤਾ ਨੇ ਸਾਢੇ 25 ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਦੇ ਦਿੱਤੇ ਅਤੇ ਬਾਕੀ ਸਾਢੇ 4 ਲੱਖ ਵੀਜ਼ਾ ਲੱਗਣ 'ਤੇ ਦੇਣੇ ਸਨ। ਪੁਲਸ ਮੁਤਾਬਕ ਉਸ ਸਮੇਂ ਸ਼ਿਕਾਇਤਕਰਤਾ ਮੋਹਾਲੀ ਦੇ ਫੇਜ਼-10 ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਉਸਤੋਂ ਬਾਅਦ ਨਾ ਤਾਂ ਉਸਨੂੰ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ। ਫਿਰ ਉਸਨੂੰ ਕੁਝ ਚੈਕ ਆਦਿ ਵੀ ਦਿੱਤੇ ਜੋ ਕਿ ਬਾਊਂਸ ਹੋ ਗਏ। ਬਾਅਦ ਫਿਰ ਲਿਖਤੀ ਸਮਝੌਤਾ ਹੋਇਆ ਕਿ ਜਿਸ ਵਿਚ ਗੁਰਪਾਲ ਨੇ ਉਸਨੂੰ ਦੋ ਕਨਾਲ ਦਸ ਮਰਲੇ ਜ਼ਮੀਨ ਦੇਣ ਦੀ ਗੱਲ ਕਹੀ ਪਰ ਉਹ ਸਮਝੌਤਾ ਵੀ ਸਿਰੇ ਨਹੀਂ ਚੜ੍ਹ ਸਕਿਆ।
ਪੁਲਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਸੀ ਜੋ ਕਿ ਪੁਲਸ ਰਿਮਾਂਡ 'ਤੇ ਚੱਲ ਰਿਹਾ ਸੀ। ਅੱਜ ਉਸਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
