24 ਜਨਵਰੀ ਨੂੰ ਬੰਦ ਰਹੇਗੀ ਕੇਬਲ
Wednesday, Jan 23, 2019 - 07:19 PM (IST)

ਜਲੰਧਰ : ਕੇਬਲ ਟੀ. ਵੀ. ਦੀਆਂ ਵੱਧ ਰਹੀਆਂ ਦਰਾਂ ਦੇ ਖ਼ਿਲਾਫ਼ ਦੇਸ਼ ਭਰ ਦੇ ਕੇਬਲ ਆਪਰੇਟਰਾਂ ਵੱਲੋਂ 24 ਜਨਵਰੀ ਨੂੰ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਸ ਹੜਤਾਲ ਦੇ ਚੱਲਦੇ ਜਲੰਧਰ ਕੇਬਲ ਆਪਰੇਟਰ ਐਸੋਸੀਏਸ਼ਨ ਵੀ ਸ਼ਾਮਲ ਹੋਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਸਕੱਤਰ ਕਮਲਜੀਤ ਸਿੰਘ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਅਰੋੜਾ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਸੰਬੰਧੀ ਮੰਗ ਪੱਤਰ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਕਮਲਜੀਤ ਅਰੋੜਾ ਮੁਤਾਬਕ ਆਲ ਇੰਡੀਆ ਕੇਬਲ ਆਪਰੇਟਰ ਐਸੋਸੀਏਸ਼ਨ ਦੇ ਸੱਦੇ 'ਤੇ ਜ਼ਿਲਾ ਜਲੰਧਰ ਵਿਚ ਵੀ ਸਵੇਰੇ ਅੱਠ ਵਜੇ ਤੋਂ ਲੈਕੇ ਰਾਤ ਅੱਠ ਵਜੇ ਤੱਕ ਕੇਬਲ ਬੰਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬੰਦ ਟੈਲੀਕਾਮ ਰੈਗੂਲੇਟਰ ਅਥਾਰਿਟੀ ਆਫ ਇੰਡੀਆ (ਟਰਾਈ) ਵੱਲੋਂ ਇਕ ਫਰਵਰੀ ਤੋਂ ਨਵੇਂ ਟੈਰਿਫ ਲਾਗੂ ਕਰਨ ਦੇ ਮਨਮਾਨੇ ਹੁਕਮਾਂ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਇਹ ਟੈਰਿਫ ਲਾਗੂ ਹੋਣ ਤੋਂ ਬਾਅਦ ਗਾਹਕਾਂ ਲਈ ਕੇਬਲ ਵੇਖਣਾ ਮਹਿੰਗਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜੋ ਗਾਹਕ ਕਰੀਬ 400 ਚੈਨਲ ਵੇਖਣ ਲਈ 200 ਤੋਂ 300 ਰੁਪਏ ਦੇ ਕਰੀਬ ਖ਼ਰਚ ਰਹੇ ਹਨ, ਉਨ੍ਹਾਂ ਨੂੰ ਇਸ ਲਈ ਕਰੀਬ 600 ਤੋਂ 700 ਰੁਪਏ ਖ਼ਰਚ ਕਰਨੇ ਪੈਣਗੇ। ਅਰੋੜਾ ਨੇ ਕਿਹਾ ਕਿ ਨਵੇਂ ਟੈਰਿਫ ਲਾਗੂ ਹੋਣ ਤੋਂ ਬਾਅਦ ਗਾਹਕਾਂ ਨੂੰ ਉਨ੍ਹਾਂ ਚੈਨਲਾਂ ਦੇ ਵੀ ਪੈਸੇ ਦੇਣੇ ਪੈਣਗੇ ਜੋ ਅਜੇ ਤਕ ਉਨ੍ਹਾਂ ਨੂੰ ਮੁਫ਼ਤ ਮਿਲ ਰਹੇ ਸਨ।
ਕਮਲਜੀਤ ਸਿੰਘ ਅਰੋੜਾ ਮੁਤਾਬਕ ਕਿਸੇ ਵੀ ਚੈਨਲ ਦੀ ਕੀਮਤ ਪੰਜ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਜਿਹਾ ਨਾ ਹੋਣ ਦੀ ਸੂਰਤ ਵਿਚ ਜਿਥੇ ਦਰਸ਼ਕਾਂ ਦਾ ਬਜਟ ਗੜਬੜ ਹੋਵੇਗਾ, ਉਥੇ ਹੀ ਕੇਬਲ ਆਪਰੇਟਰਾਂ ਦਾ ਵਪਾਰ ਵੀ ਵੱਡੀਆਂ ਕੰਪਨੀਆਂ ਦੇ ਹੱਥ ਚਲਾ ਜਾਵੇਗਾ।