ਸਿੱਧੂ ਨੇ ਕਰਨਬੀਰ ਨੂੰ ਆਪਣੀ ਜੇਬ ''ਚੋਂ ਦਿੱਤੇ ਇੱਕ ਲੱਖ ਰੁਪਏ,ਕੀਤੀ ਹੌਸਲਾ ਅਫ਼ਜਾਈ (ਵੀਡੀਓ)

Thursday, Feb 01, 2018 - 11:39 AM (IST)

ਅੰਮ੍ਰਿਤਸਰ (ਵਾਲੀਆ, ਕਮਲ, ਤਜਿੰਦਰ) - ਪਿੰਡ ਮੁਹਾਵਾ ਸਥਿਤ 20 ਸਤੰਬਰ 2016 ਨੂੰ ਡਿਫੈਂਸ ਡਰੇਨ 'ਚ ਸਕੂਲ ਵੈਨ ਡਿੱਗਣ ਸਮੇਂ ਬੱਚਿਆਂ ਦੀ ਜਾਨ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ (17) ਨੂੰ ਬੁੱਧਵਾਰ ਪਿੰਡ ਗੱਲੂਵਾਲ 'ਚ ਪਹੁੰਚ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਕੋਲੋਂ ਇਨਾਮ ਵਜੋਂ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਤੇ ਪੁਲਾਂ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਿੱਧੂ ਨੇ ਪਿੰਡ ਮੁਹਾਵਾ ਸਥਿਤ ਹਾਦਸਾਗ੍ਰਸਤ ਪੁਲ ਦਾ ਦੌਰਾ ਕੀਤਾ ਤੇ ਇਸ ਹਾਦਸੇ ਦੌਰਾਨ ਸਕੂਲੀ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਿੰਡ ਗੱਲੂਵਾਲ ਗਏ। ਉਨ੍ਹਾਂ ਕਰਨਬੀਰ ਤੇ ਉਸ ਦੇ ਪਰਿਵਾਰ ਨੂੰ ਮਿਲ ਕੇ ਸ਼ੁਭਇੱਛਾਵਾਂ ਦਿੱਤੀਆਂ।
ਸਿੱਧੂ ਨੇ ਕਿਹਾ ਕਿ ਲੜਕਾ ਕਰਨਬੀਰ ਸਿੰਘ ਰੋਲ ਮਾਡਲ ਹੈ, ਜੋ ਹੋਰਨਾਂ ਨੂੰ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਬੱਚੇ ਨੇ ਹੌਸਲਾ ਦਿਖਾ ਕੇ ਸਾਥੀ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਪ੍ਰਾਪਤ ਕਰ ਕੇ ਪੰਜਾਬ ਨੂੰ ਮਾਣ ਦਿਵਾਇਆ। ਪਿੰਡ ਮੁਹਾਵਾ ਦੇ ਲੋਕਾਂ ਨੇ ਸਿੱਧੂ ਨੂੰ ਦੱਸਿਆ ਕਿ ਪਿੰਡ ਦੇ ਬਾਹਰਵਾਰ ਇਕ ਹੋਰ ਪੁਲ ਹੈ, ਜੋ ਮਾੜੀ ਹਾਲਤ 'ਚ ਹੈ ਤਾਂ ਸਿੱਧੂ ਨੇ ਮੌਕੇ 'ਤੇ ਹੀ ਦੂਜੇ ਪੁਲ ਦੀ ਮੁਰੰਮਤ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਕੈਬਨਿਟ ਮੰਤਰੀ ਸਿੱਧੂ ਦੇ ਘਰ ਆਉਣ 'ਤੇ ਖੁਸ਼ ਹੋਏ ਕਰਨਬੀਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਬਹਾਦਰੀ ਪੁਰਸਕਾਰ ਹਾਸਲ ਕਰਨਾ ਉਸ ਲਈ ਬੜੇ ਮਾਣ ਵਾਲੀ ਗੱਲ ਹੈ। ਉਸ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਛੋਟੀ ਜਿਹੀ ਉਮਰ ਵਿਚ ਇੰਨਾ ਮਾਣ ਮਿਲੇਗਾ। ਉਸ ਨੇ ਤੇ ਉਸ ਦੇ ਘਰਦਿਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।


Related News