30 ਨਵੰਬਰ ਤੱਕ ਸਾਰੇ ਪਿੰਡ ਖੁੱਲ੍ਹੇ ''ਚ ਸ਼ੌਚ ਕਰਨ ਤੋਂ ਹੋਣਗੇ ਮੁਕਤ : ਡੀ. ਸੀ.
Friday, Sep 08, 2017 - 01:04 PM (IST)
ਫਾਜ਼ਿਲਕਾ (ਨਾਗਪਾਲ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ 'ਸਵੱਛ ਭਾਰਤ ਮਿਸ਼ਨ' ਤਹਿਤ ਖੁਲ੍ਹੇ 'ਚ ਸ਼ੌਚ ਮੁਕਤ ਕਰਨ ਦੇ ਲਏ ਗਏ ਸੁਪਨੇ ਨੂੰ ਫਾਜ਼ਿਲਕਾ ਜ਼ਿਲੇ ਅੰਦਰ 30 ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਲਈ ਜ਼ਿਲੇ ਅੰਦਰ 31 ਨੋਡਲ ਅਫਸਰ, ਪਿੰਡ ਪੱਧਰ 'ਤੇ ਮੋਟੀਵੇਟਰ ਤੇ ਨਿਗਰਾਨ ਕਮੇਟੀਆਂ ਰਾਹੀਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹੁਣ ਤੱਕ ਜ਼ਿਲੇ ਦੇ 398 ਪਿੰਡਾਂ 'ਚੋਂ 132 ਪਿੰਡਾਂ ਨੂੰ ਖੁਲ੍ਹੇ 'ਚ ਸ਼ੌਚ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਨੂੰ ਮਿੱਥੇ ਸਮੇਂ ਖੁਲ੍ਹੇ 'ਚ ਸ਼ੌਚ ਮੁਕਤ ਕਰ ਲਿਆ ਜਾਵੇਗਾ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਜ਼ਿਲੇ ਦੇ ਸਰਹੱਦੀ ਖੇਤਰ ਨਾਲ ਸਬੰਧਤ ਪਿੰਡਾਂ ਦਾ ਦੌਰਾ ਕਰ ਕੇ 'ਸਵੱਛ ਭਾਰਤ ਮਿਸ਼ਨ' ਅਧੀਨ ਚੱਲ ਰਹੇ ਕਾਰਜ਼ਾਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਜ਼ਿਲੇ ਦੇ ਪਿੰਡ ਆਲਮ ਕੇ, ਲਧੂ ਵਾਲਾ ਉਤਾੜ, ਗੁਮਾਨੀ ਵਾਲਾ ਅਤੇ ਭੰਬਾ ਵੱਟੂ ਹਿਠਾੜ ਦਾ ਦੌਰਾ ਕਰ ਕੇ ਇਨ੍ਹਾਂ ਪਿੰਡਾਂ 'ਚ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਉਥੇ ਖੁੱਲ੍ਹੇ 'ਚ ਸ਼ੌਚ ਜਾਣ 'ਤੇ ਹੋਣ ਵਾਲੇ ਨੁਕਸਾਨਾਂ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਮਿਸ਼ਨ ਤਹਿਤ ਬਣੇ ਪਾਖਾਨਿਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਪਿੰਡਾਂ ਦੀ ਪੰਚਾਇਤਾਂ, ਮੋਟੀਵੇਟਰਾਂ ਅਤੇ ਨਿਗਰਾਨ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਖੁੱਲ੍ਹੇ 'ਚ ਸ਼ੌਚ ਮੁਕਤ ਕਰਨ ਲਈ ਲੋਕਾਂ ਦੀ ਮਾÎਨਸਿਕਤਾ ਨੂੰ ਬਦਲਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ। ਉਨ੍ਹਾਂ ਖਾਸ ਕਰ ਕੇ ਪਿੰਡਾਂ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ 'ਚ ਆਪਣਾ ਵੱਢਮੁੱਲਾ ਯੋਗਦਾਨ ਪਾਉਣ ਲਈ ਅੱਗੇ ਆਉਣ।
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਨਿਯੁਕਤ ਕੀਤੇ ਗਏ ਨੋਡਲ ਅਫਸਰਾਂ, ਮੋਟੀਵੇਟਰਾਂ, ਨਿਗਰਾਨ ਕਮੇਟੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਨੂੰ ਸਵੇਰੇ 5 ਵਜੇ ਜਾ ਕੇ ਖੁਲ੍ਹੇ 'ਚ ਸ਼ੌਚ ਕਰਨ ਵਾਲੇ ਵਿਅਕਤੀਆਂ 'ਤੇ ਤਿਖੀ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਖੁੱਲ੍ਹੇ 'ਚ ਸ਼ੌਚ ਕਰਨ ਜਾਣ ਵਾਲੀ ਸੋਚ ਨੂੰ ਬਦਲ ਕੇ ਆਪਣੇ ਘਰ 'ਚ ਬਣੇ ਪਾਖਾਨਿਆਂ ਨੂੰ ਹੀ ਵਰਤਨ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 'ਸਵੱਛ ਭਾਰਤ ਮੁਹਿੰਮ' ਅਧੀਨ ਸਿਰਫ਼ ਉਨ੍ਹਾਂ ਲੋੜਵੰਦਾਂ ਨੂੰ ਹੀ ਪਾਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ, ਜਿਹੜੇ ਲੋਕ ਆਰਥਿਕ ਤੌਰ 'ਤੇ ਬਹੁਤ ਹੀ ਕਮਜ਼ੋਰ ਹਨ।
ਪਾਖਾਨੇ ਬਣਾਉਣ ਲਈ ਪ੍ਰਤੀ ਘਰ 15000 ਰੁਪਏ ਦੀ ਮਾਲੀ ਮਦਦ 3 ਕਿਸ਼ਤਾਂ 'ਚ ਕੀਤੇ ਗਏ ਕੰਮ ਦੀ ਵੰਡ ਅਨੁਸਾਰ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਰਵਿੰਦਰ ਕੁਮਾਰ, ਸਬੰਧਤ ਪਿੰਡਾਂ ਦੇ ਨੋਡਲ ਅਫਸਰ, ਮੋਟੀਵੇਟਰ, ਨਿਗਰਾਨ ਕਮੇਟੀਆਂ ਦੇ ਮੈਂਬਰ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
