ਪੰਜਾਬ ''ਚ 50 ਹਜ਼ਾਰ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਦੀ ਤਿਆਰੀ ''ਚ ਸੀ ''ਆਪ'': ਸੁਨੀਲ ਜਾਖੜ
Wednesday, Jan 14, 2026 - 04:57 PM (IST)
ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ): ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਸਿਆਸੀ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਜਾਖੜ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਲੈਂਡ ਪੂਲਿੰਗ ਪਾਲਿਸੀ ਰਾਹੀਂ 50 ਹਜ਼ਾਰ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਦਾ ਅੰਦਾਜ਼ਾ ਲਾਈ ਬੈਠੀ ਸੀ, ਪਰ ਪੰਜਾਬ ਦੇ ਲੋਕਾਂ ਨੇ ਅਜਿਹਾ ਹੋਣ ਨਹੀਂ ਦਿੱਤਾ।
ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਦਾ ਕੋਈ ਪੈਮਾਨਾ ਨਹੀਂ ਛੱਡਿਆ। ਇਨ੍ਹਾਂ ਦੇ ਭ੍ਰਿਸ਼ਟਾਚਾਰ ਦਾ ਘੇਰਾ 5 ਹਜ਼ਾਰ ਰੁਪਏ ਤੋਂ 50 ਹਜ਼ਾਰ ਕਰੋੜ ਰੁਪਏ ਤਕ ਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮੰਤਰੀ ਵਿਜੈ ਸਿੰਗਲਾ 5 ਹਜ਼ਾਰ ਰਿਸ਼ਵਤ ਮਾਮਲੇ ਵਿਚ ਫੜਿਆ ਗਿਆ ਸੀ। ਲੈਂਡ ਪੂਲਿੰਗ ਪਾਲਿਸੀ ਰਾਹੀਂ ਇਨ੍ਹਾਂ ਨੇ 50 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਸੀ ਤੇ ਹਰ ਏਕੜ ਮਗਰ 1 ਕਰੋੜ ਦੇ ਹਿਸਾਬ ਨਾਲ ਇਹ 50 ਹਜ਼ਾਰ ਕਰੋੜ ਰੁਪਏ ਦਾ ਅੰਦਾਜ਼ਾ ਲਗਾਈ ਬੈਠੇ ਸੀ, ਪਰ ਪੰਜਾਬੀਆਂ ਨੇ ਅਜਿਹਾ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਪਰਸੋਂ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰੇਗੀ ਤੇ ਪੰਜਾਬ ਦੇ ਮੁੱਦਿਆਂ 'ਤੇ ਉਨ੍ਹਾਂ ਤੋਂ ਸਵਾਲ ਪੁੱਛੇਗੀ।
ਆਤਿਸ਼ੀ ਤੋਂ ਮੁਆਫ਼ੀ ਮੰਗਵਾਉਂਦੇ ਮਾਨ
ਇਸ ਮੌਕੇ ਜਾਖੜ ਨੇ ਕਿਹਾ ਕਿ ਇਹ ਲੋਕ ਪੁੱਛ ਰਹੇ ਹਨ ਕਿ ਭਾਜਪਾ ਮਾਘੀ ਮੌਕੇ ਸਿਆਸੀ ਕਾਨਫ਼ਰੰਸ ਕਿਵੇਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਇੱਥੇ ਆਉਣ ਦਾ ਹੱਕ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਇਆ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੁਨੇਹਾ ਪੂਰੀ ਦੁਨੀਆ 'ਚ ਪਹੁੰਚਾਇਆ, ਹੇਮਕੁੰਟ ਸਾਹਿਬ ਰੋਪਵੇਅ, ਲਾਲ ਕਿਲ੍ਹੇ 'ਤੇ ਪ੍ਰਕਾਸ਼ ਪੁਰਬ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਤਾਂ ਉਹ ਲੋਕ ਵੀ ਇੱਥੇ ਕਾਨਫ਼ਰੰਸਾ ਕਰ ਰਹੇ ਹਨ, ਜਿੰਨ੍ਹਾਂ ਨੇ ਬੇਅਦਬੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਪੁਲਸ ਦੀ ਜਾਂਚ 'ਤੇ ਇੰਨਾ ਭਰੋਸਾ ਸੀ ਤਾਂ ਅੱਜ ਮਾਘੀ ਮੌਕੇ ਆਤਿਸ਼ੀ ਨੂੰ ਇੱਥੇ ਬੁਲਾਉਂਦੇ। ਜੇ ਅੱਜ ਆਤਿਸ਼ੀ ਇੱਥੇ ਆ ਕੇ ਗੁਰੂ ਸਾਹਿਬ ਅੱਗੇ ਸੀਸ ਨਿਵਾ ਕੇ ਆਪਣੀ ਗਲਤੀ ਮੰਨ ਲੈਂਦੀ ਤਾਂ ਸ਼ਾਇਦ ਪੰਜਾਬੀ ਉਸ ਨੂੰ ਮੁਆਫ਼ ਵੀ ਕਰ ਦਿੰਦੇ।
ਪੰਜਾਬ ਪ੍ਰਤੀ ਫਰਜ਼ ਸ਼ਮਝਦੀ ਹੈ ਭਾਜਪਾ
ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਪੰਜਾਬ ਪ੍ਰਤੀ ਆਪਣਾ ਫਰਜ਼ ਸਮਝਦੀ ਹੈ। ਪੰਜਾਬ ਨੂੰ ਕਾਲੇ ਦੌਰ ਤੋਂ ਬਾਹਰ ਕੱਢਣ ਲਈ ਤੇ ਇੱਥੇ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਭਾਜਪਾ ਨੇ ਅਕਾਲੀ ਦਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਵਿਚ ਇਕ ਰਾਸ਼ਟਰੀ ਪਾਰਟੀ ਸਥਾਨਕ ਪਾਰਟੀ ਦੇ ਨਾਲ ਛੋਟੇ ਭਰਾ ਦੇ ਕਿਰਦਾਰ ਵਿਚ ਖੜ੍ਹੀ ਸੀ। ਇਹ ਕੋਈ ਸਿਆਸੀ ਸਮਝੌਤਾ ਨਹੀਂ ਸੀ, ਸਗੋਂ ਭਾਜਪਾ ਨੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਆਪਣਾ ਰਾਜ ਵੀ ਵਾਰ ਦਿੱਤਾ।
