ਪੰਜਾਬ ਦੇ ਸਕੂਲਾਂ 'ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ

Wednesday, Jan 14, 2026 - 10:47 AM (IST)

ਪੰਜਾਬ ਦੇ ਸਕੂਲਾਂ 'ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ

ਚੰਡੀਗੜ੍ਹ : ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵਿਚਾਲੇ ਅੱਜ ਤੋਂ ਪੰਜਾਬ ਭਰ ਦੇ ਸਕੂਲ ਖੁੱਲ੍ਹ ਗਏ ਹਨ। ਅੱਜ ਵਿਦਿਆਰਥੀ ਠੁਰ-ਠੁਰ ਕਰਦੇ ਸਕੂਲਾਂ ਨੂੰ ਜਾਂਦੇ ਦਿਖਾਈ ਦਿੱਤੇ। ਹਾਲਾਂਕਿ ਬੀਤੀ ਦੇਰ ਸ਼ਾਮ ਤੱਕ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਡੀਕ ਸੀ ਕਿ ਠੰਡ ਜ਼ਿਆਦਾ ਹੋਣ ਕਾਰਨ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ ਪਰ ਪੰਜਾਬ ਸਰਕਾਰ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਅੱਜ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਆਮ ਵਾਂਗ ਖੁੱਲ੍ਹ ਗਏ ਹਨ। ਦੱਸ ਦੇਈਏ ਕਿ ਸਕੂਲਾਂ ਦਾ ਸਮਾਂ ਪ੍ਰਾਇਮਰੀ ਲਈ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵੱਧਣਗੀਆਂ ਛੁੱਟੀਆਂ! ਸੂਬੇ 'ਚ ਰੈੱਡ ਅਲਰਟ ਵਿਚਾਲੇ ਅੱਜ ਆ ਸਕਦੈ ਨਵਾਂ ਹੁਕਮ
ਕੀਤਾ ਗਿਆ ਸੀ ਛੁੱਟੀਆਂ 'ਚ ਵਾਧਾ
ਪਹਿਲਾਂ ਪੰਜਾਬ ਸਰਕਾਰ ਵੱਲੋਂ 24 ਦਸੰਬਰ ਤੋਂ 31 ਦਸੰਬਰ ਤੱਕ ਸਮੂਹ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ। ਬਾਅਦ ’ਚ ਜ਼ਿਆਦਾ ਠੰਡ ਅਤੇ ਧੁੰਦ ਕਾਰਨ ਇਨ੍ਹਾਂ ਛੁੱਟੀਆਂ ਨੂੰ 13 ਜਨਵਰੀ ਤੱਕ ਵਾਧਾ ਕਰ ਦਿੱਤਾ ਗਿਆ ਸੀ। ਹੁਣ ਬੀਤੇ ਕੱਲ੍ਹ ਸਰਕਾਰ ਵੱਲੋਂ ਛੁੱਟੀਆਂ ’ਚ ਕੋਈ ਵਾਧਾ ਨਾ ਕੀਤੇ ਜਾਣ ਕਾਰਨ ਬੁੱਧਵਾਰ ਨੂੰ ਸਾਰੇ ਸਕੂਲ ਆਮ ਵਾਂਗ ਖੁੱਲ੍ਹ ਗਏ।

ਇਹ ਵੀ ਪੜ੍ਹੋ : ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲਿਆਂ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ
ਹਰਜੋਤ ਬੈਂਸ ਦੀ ਵਾਇਰਲ ਪੋਸਟ ਨੇ ਪਾਇਆ ਭੰਬਲਭੂਸਾ
ਮੰਗਲਵਾਰ ਨੂੰ ਪੰਜਾਬ ’ਚ ਸਿੱਖਿਆ ਵਿਭਾਗ ਅਤੇ ਸਕੂਲਾਂ ਨਾਲ ਜੁੜੀ ਇਕ ਅਜਿਹੀ ਹੀ ਫਰਜ਼ੀ ਪੋਸਟ ਨੇ ਜ਼ਬਰਦਸਤ ਹਲਚਲ ਮਚਾ ਦਿੱਤੀ। ਅਸਲ 'ਚ ਵਟਸਐਪ ਗਰੁੱਪਾਂ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸੋਸ਼ਲ ਮੀਡੀਆ ਅਕਾਊਂਟ ਵਰਗੀ ਦਿਸਣ ਵਾਲੀ ਇਕ ਜਾਅਲੀ ਪੋਸਟ ਅਧਿਆਪਕਾਂ ਅਤੇ ਸਕੂਲਾਂ ’ਚ ਵਾਇਰਲ ਕੀਤੀ ਗਈ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਭਿਆਨਕ ਠੰਡ ਕਾਰਨ ਸਕੂਲਾਂ ’ਚ ਛੁੱਟੀਆਂ 17 ਜਨਵਰੀ ਤੱਕ ਵਧਾ ਦਿੱਤੀਆਂ ਹਨ, ਜਦੋਂ ਕਿ ਮੰਤਰੀ ਦੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ’ਤੇ ਅਜਿਹੀ ਕੋਈ ਜਾਣਕਾਰੀ ਅਪਲੋਡ ਨਹੀਂ ਕੀਤੀ ਗਈ ਸੀ। ਉਕਤ ਪੋਸਟ ਨੂੰ ਲੈ ਕੇ ਉਲਝਣ ਦੀ ਸਥਿਤੀ ਪੈਦਾ ਹੋ ਗਈ ਸੀ। ਨਿੱਜੀ ਸਮੇਤ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਮਾਪੇ ਵੀ ਦਿਨ ਭਰ ਬੁੱਧਵਾਰ ਤੋਂ ਸਕੂਲ ਖੁੱਲ੍ਹਣ ਜਾਂ ਨਾ ਖੁੱਲ੍ਹਣ ਸਬੰਧੀ ਭਰਮ ’ਚ ਰਹੇ ਪਰ ਸ਼ਾਮ ਨੂੰ ਜਾ ਕੇ ਸਪੱਸ਼ਟ ਹੋਇਆ ਕਿ ਸਰਕਾਰ ਜਾਂ ਮੰਤਰੀ ਨੇ ਛੁੱਟੀਆਂ ਨੂੰ ਲੈ ਕੇ ਕੋਈ ਨਵੇਂ ਹੁਕਮ ਜਾਰੀ ਨਹੀਂ ਕੀਤੇ ਅਤੇ ਸਕੂਲ ਬੁੱਧਵਾਰ ਤੋਂ ਆਮ ਵਾਂਗ ਖੁੱਲ੍ਹਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News