ਬਿਜ਼ਨੈੱਸਮੈਨ ਨੂੰ ਬਲੈਕਮੇਲ ਤੇ ਝੂਠੇ ਮਾਮਲੇ ’ਚ ਫਸਾਉਣ ਦੀ ਧਮਕੀਆਂ ਦੇ ਕੇ ਠੱਗੇ 40-50 ਲੱਖ ਰੁਪਏ
Thursday, Jul 21, 2022 - 03:23 PM (IST)
ਕਪੂਰਥਲਾ (ਭੂਸ਼ਣ/ਮਲਹੋਤਰਾ)- ਸ਼ਹਿਰ ਦੇ ਇਕ ਪ੍ਰਮੁੱਖ ਬਿਜਨੈੱਸਮੈਨ ਨੂੰ ਬਲੈਕਮੇਲ ਕਰਨ ਅਤੇ ਝੂਠੇ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਦੇ ਕੇ 45-50 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮਹਿਲਾ ਮੁਲਜ਼ਮ ਖ਼ਿਲਾਫ਼ ਧਾਰਾ 182, 195, 384, 420, 500 ਅਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਨਾਮਜ਼ਦ ਕੀਤੀ ਗਈ ਮਹਿਲਾ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਬੱਲੀ ਪੁੱਤਰ ਸਵ. ਗੁਰਦੀਪ ਸਿੰਘ ਵਾਸੀ ਨਵਾਬ ਕਪੂਰ ਸਿੰਘ ਨਗਰ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੂੰ 21 ਅਪ੍ਰੈਲ ਨੂੰ ਲਿਖਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸਨੇ ਆਪਣੇ ਨਾਲ ਹੋਈ ਬਲੈਕਮੇਲਿੰਗ, ਜਬਰਦਸਤੀ ਪੈਸੇ ਵਸੂਲਣ ਅਤੇ ਝੂਠੀ ਸ਼ਿਕਾਇਤ ਦੇ ਕੇ ਤੰਗ ਪਰੇਸ਼ਾਨ ਕਰਨ ਨੂੰ ਲੈ ਕੇ 18 ਦਸੰਬਰ 2019 ਨੂੰ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਨੂੰ ਇਕ ਸ਼ਿਕਾਇਤ ਦਿੱਤੀ ਸੀ, ਜਿਸ ਨੂੰ ਜਾਂਚ ਦੇ ਬਾਅਦ ਐੱਸ. ਐੱਚ. ਓ. ਸਿਟੀ ਨੇ ਡੀ. ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਸੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ
ਉਪਰੰਤ ਆਪਣੀ ਜਾਂਚ ’ਚ ਉਸ ਸਮੇਂ ਦੇ ਡੀ. ਐੱਸ. ਪੀ. ਸਬ ਡਿਵੀਜ਼ਨ ਨੇ ਵੀ ਉਕਤ ਮਹਿਲਾ ਦੇ ਖਿਲਾਫ ਲੱਗੇ ਇਲਜ਼ਾਮਾਂ ਨੂੰ ਸਹੀ ਠਹਿਰਾਉਂਦੇ ਹੋਏ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਉਹ ਬੀਮਾਰ ਹੋ ਗਿਆ ਤੇ ਵੱਖ-ਵੱਖ ਹਸਪਤਾਲਾਂ ’ਚ ਆਪਣਾ ਇਲਾਜ ਕਰਵਾਉਂਦਾ ਰਿਹਾ ਤੇ ਜਿਸ ਕਾਰਨ ਉਹ ਆਪਣੇ ਮਾਮਲੇ ਦੀ ਪੈਰਵੀ ਨਹੀਂ ਕਰ ਸਕਿਆ। ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਿਸੇ ਉੱਚ ਅਧਿਕਾਰੀ ਕੋਲੋਂ ਕਰਵਾ ਕੇ ਉਸਨੂੰ ਨਿਆਂ ਦਿਵਾਇਆ ਜਾਵੇ। ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. ਹੈੱਡ ਕੁਆਰਟਰ ਜਸਬੀਰ ਸਿੰਘ ਨੂੰ ਜਾਂਚ ਦੇ ਹੁਕਮ ਦਿੱਤੇ। ਜਿਨ੍ਹਾਂ ਜਾਂਚ ਦੌਰਾਨ ਸ਼ਿਕਾਇਤਕਰਤਾ ਬਲਜੀਤ ਸਿੰਘ ਬੱਲੀ ਵੱਲੋਂ ਗੁਰਮਿੰਦਰ ਪਾਲ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਦਸ਼ਮੇਸ਼ ਕਲੋਨੀ ਸਰਕੁਲਰ ਰੋਡ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ਨੂੰ ਸਹੀ ਪਾਇਆ।
ਐੱਸ. ਪੀ. ਹੈੱਡ ਕੁਆਰਟਰ ਜਸਬੀਰ ਸਿੰਘ ਨੇ ਆਪਣੀ ਜਾਂਚ ’ਚ ਪਾਇਆ ਕਿ ਗੁਰਮਿੰਦਰ ਪਾਲ ਕੌਰ ਪਤਨੀ ਮਹਿੰਦਰ ਪਾਲ ਵਾਸੀ ਵੈਸਟ ਕਾਲੋਨੀ, ਆਰ. ਸੀ. ਐੱਫ. ਕਪੂਰਥਲਾ ਨੇ ਬਲਜੀਤ ਸਿੰਘ ਬੱਲੀ ਨੂੰ ਬਲੈਕਮੇਲ ਕਰ ਕੇ ਜਬਰਦਸਤੀ ਪੈਸੇ ਵਸੂਲ ਕੀਤੇ ਅਤੇ ਵਾਰ-ਵਾਰ ਝੂਠੀਆਂ ਸ਼ਿਕਾਇਤਾਂ ਦੇ ਕੇ ਤੰਗ ਪ੍ਰੇਸ਼ਾਨ ਕਰ ਕੇ ਸਮਾਜ ’ਚ ਉਸਦੀ ਇੱਜਤ ਨੂੰ ਖ਼ਰਾਬ ਵੀ ਕੀਤਾ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬਲਜੀਤ ਸਿੰਘ ਬੱਲੀ ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਕਰਦਾ ਸੀ। ਸਾਲ 2007 ’ਚ ਗੁਰਮਿੰਦਰ ਪਾਲ ਕੌਰ ਪਤਨੀ ਮਹਿੰਦਰ ਪਾਲ ਵਾਸੀ ਵੈਸਟ ਕਾਲੋਨੀ, ਜੋ ਕਿ ਰੇਲ ਕੋਚ ਫੈਕਟਰੀ ’ ਸਰਕਾਰੀ ਕਰਮਚਾਰੀ ਵੀ ਹੈ, ਨੇ ਸ਼ਿਕਾਇਤਕਰਤਾ ਬਲਜੀਤ ਸਿੰਘ ਬੱਲੀ ਦੇ ਨਾਲ ਬਹਾਨੇ ਨਾਲ ਮੇਲ-ਜੋਲ ਵਧਾ ਕੇ ਉਸਦੇ ਨਾਲ ਲਿਵਿੰਗ ਸਬੰਧ ਬਣਾ ਲਏ। ਇਨ੍ਹਾਂ ਸਬੰਧਾਂ ਦਾ ਫਾਇਦਾ ਚੁੱਕ ਕੇ ਉਕਤ ਮਹਿਲਾ ਨੇ ਵੱਖ-ਵੱਖ ਸਮੇਂ ’ਤੇ ਬਲਜੀਤ ਸਿੰਘ ਬੱਲੀ ਪਾਸੋਂ ਲੱਖਾਂ ਰੁਪਏ ਤੇ ਹੋਰ ਚੀਜ਼ਾਂ ਲੈ ਲਈਆਂ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ, ਫਿਲੌਰ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੀ ਮੌਤ
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਸਾਲ 2007 ਤੋਂ ਲੈ ਕੇ 2012 ਤੱਕ ਉਕਤ ਮਹਿਲਾ ਨੇ ਬਲਜੀਤ ਸਿੰਘ ਬੱਲੀ ਤੋਂ 45-50 ਲੱਖ ਰੁਪਏ ਦੀ ਰਕਮ ਹੜ੍ਹੱਪ ਲਈ। ਜਦੋਂ ਇਨ੍ਹਾਂ ਦੇ ਲਿਵਿੰਗ ਸਬੰਧ ਆਪਸ ’ਚ ਵਿਗਡ਼ ਗਏ ਤਾਂ ਗੁਰਮਿੰਦਰ ਪਾਲ ਕੌਰ ਨੇ ਸ਼ਿਕਾਇਤਕਰਤਾ ਬਲਜੀਤ ਸਿੰਘ ਬੱਲੀ ਖ਼ਿਲਾਫ਼ ਕਈ ਤਰ੍ਹਾ ਦੇ ਇਲਜਾਮ ਲਗਾ ਕੇ 7 ਵਾਰ ਝੂਠੀਆਂ ਸ਼ਿਕਾਇਤਾਂ ਵੀ ਦਿੱਤੀ, ਜੋ ਜਾਂਚ ਤੋਂ ਬਾਅਦ ਝੂਠੀਆ ਸਾਬਤ ਹੋਈਆਂ। ਇਸਦੇ ਬਾਅਦ ਉਕਤ ਮਹਿਲਾ ਗੁਰਮਿੰਦਰ ਪਾਲ ਕੌਰ ਨੇ ਸ਼ਿਕਾਇਤਕਰਤਾ ਬਲਜੀਤ ਸਿੰਘ ਬੱਲੀ ਨੂੰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ ਅਤੇ ਉਸ ਦਾ ਪਿੱਛਾ ਛੱਡਣ ਦੇ ਬਦਲੇ 5 ਲੱਖ ਰੁਪਏ ਦੀ ਹੋਰ ਰਕਮ ਮੰਗੀ।
ਉਕਤ ਮਹਿਲਾ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਆਪਣੀ ਲਡ਼ਕੀ ਦੇ ਕੋਲ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਲਈ ਉਸਨੂੰ 5 ਲੱਖ ਰੁਪਏ ਦੀ ਰਕਮ ਦਿੱਤੀ ਜਾਵੇ। ਜਾਂਚ ’ਚ ਇਹ ਵੀ ਖ਼ੁਲਾਸਾ ਹੋਇਆ ਕਿ ਉਕਤ ਮਹਿਲਾ ਮੁਲਜ਼ਮ ਨੇ ਸ਼ਿਕਾਇਤਕਰਤਾ ਬਲਜੀਤ ਸਿੰਘ ਡਰਾ-ਧਮਕਾ ਕੇ ਬਲੈਕਮੇਲ ਕਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਸਮਾਜਿਕ ਤੌਰ ’ਤੇ ਬਦਨਾਮ ਕਰਨ ਦੀ ਗੱਲ ਕਹੀ। ਜਿਸ ਤੋਂ ਤੰਗ ਆ ਕੇ ਸ਼ਿਕਾਇਤਕਰਤਾ ਬਲਜੀਤ ਸਿੰਘ ਬੱਲੀ ਨੂੰ ਐੱਸ. ਐੱਸ. ਪੀ. ਦੇ ਮੂਹਰੇ ਇਨਸਾਫ ਦੇ ਲਈ ਗੁਹਾਰ ਲਗਾਉਣੀ ਪਈ। ਐੱਸ. ਪੀ. ਹੈੱਡ ਕੁਆਰਟਰ ਜਸਬੀਰ ਸਿੰਘ ਨੇ ਸ਼ਿਕਾਇਤਕਰਤਾ ਬਲਜੀਤ ਸਿੰਘ ਬੱਲੀ ਵੱਲੋਂ ਲਗਾਏ ਗਏ ਸਾਰੇ ਇਲਜਾਮਾਂ ਨੂੰ ਸਹੀ ਕਰਾਰ ਦਿੰਦੇ ਹੋਏ ਡੀ.ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਐੱਸ. ਐੱਸ. ਪੀ. ਨੇ ਇਸ ਦੇ ਉਪਰੰਤ ਮਾਮਲੇ ਦੀ ਜਾਂਚ ਦੇ ਲਈ ਐੱਸ. ਪੀ. ਪੀ. ਬੀ. ਆਈ. ਦੇ ਕੋਲ ਭੇਜ ਦਿੱਤਾ, ਜਿਨ੍ਹਾਂ ਐੱਸ. ਪੀ . ਹੈੱਡ ਕੁਆਰਟਰ ਵੱਲੋਂ ਕੀਤੀ ਗਈ ਜਾਂਚ ਨੂੰ ਸਹੀ ਮੰਨਦੇ ਹੋਏ ਮੁਲਜ਼ਮ ਮਹਿਲਾ ਗੁਰਮਿੰਦਰ ਪਾਲ ਕੌਰ ਪਤਨੀ ਮਹਿੰਦਰ ਪਾਲ ਖ਼ਿਲਾਫ਼ ਲੱਗੇ ਇਲਜਾਮ ਸਹੀ ਪਾਏ, ਜਿਸ ਦੇ ਆਧਾਰ ’ਤੇ ਮੁਲਜ਼ਮ ਮਹਿਲਾ ਗੁਰਮਿੰਦਰ ਪਾਲ ਕੌਰ ਖ਼ਿਲਾਫ਼ ਥਾਣਾ ਸਿਟੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਮਹਿਲਾ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ