ਬਠਿੰਡਾ 'ਚ ਕਾਰੋਬਾਰੀ ਦੀ ਖ਼ੁਦਕੁਸ਼ੀ ਕਾਰਨ ਹੜਕੰਪ, ਮਰਨ ਤੋਂ ਪਹਿਲਾਂ DSP 'ਤੇ ਲਾਏ ਗੰਭੀਰ ਇਲਜ਼ਾਮ
Saturday, Apr 25, 2026 - 02:10 PM (IST)
ਬਠਿੰਡਾ (ਵਿਜੇ ਵਰਮਾ) : ਸ਼ਹਿਰ ਦੇ ਇਕ ਰੇਤ-ਬੱਜਰੀ ਅਤੇ ਸੀਮੈਂਟ ਕਾਰੋਬਾਰੀ ਦੀ ਖ਼ੁਦਕੁਸ਼ੀ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ। ਮਾਮਲੇ 'ਚ ਪੁਲਸ ਨੇ ਕੋਰਟ ਕੰਪਲੈਕਸ ਨਾਲ ਜੁੜੇ ਕਰਮਚਾਰੀਆਂ ਸਮੇਤ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਤੀਜੇ ਦੀ ਤਲਾਸ਼ ਜਾਰੀ ਹੈ। ਇਸ ਨਾਲ ਨਾਲ ਇੱਕ ਡੀ. ਐੱਸ. ਪੀ. ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਆ ਗਈ ਹੈ। ਮ੍ਰਿਤਕ ਦੀ ਪਛਾਣ ਨਵੀਂ ਬਸਤੀ ਨਿਵਾਸੀ 33 ਸਾਲਾ ਸੰਦੀਪ ਕੁਮਾਰ ਉਰਫ਼ ਸੋਨੂੰ ਬੰਸਲ ਵਜੋਂ ਹੋਈ ਹੈ, ਜੋ ‘ਡੀ. ਐੱਲ ਐਂਡ ਕੰਪਨੀ’ ਦੇ ਨਾਮ ਨਾਲ ਕਾਰੋਬਾਰ ਕਰਦਾ ਸੀ। ਉਸ ਨੇ ਕਥਿਤ ਤੌਰ ‘ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਕਰੀਬ 10 ਮਿੰਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਤੇ ਇੱਕ ਖ਼ੁਦਕੁਸ਼ੀ ਨੋਟ ਵੀ ਛੱਡਿਆ, ਜਿਸ 'ਚ ਕਈ ਲੋਕਾਂ ‘ਤੇ ਮਾਨਸਿਕ ਤੌਰ ‘ਤੇ ਤੰਗ ਕਰਨ ਅਤੇ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਪੈਸਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੋਨੂੰ ਬੰਸਲ ਨੇ ਇੱਕ ਕੋਠੀ ਦੇ ਨਿਰਮਾਣ ਲਈ ਦੋਸ਼ੀ ਪੱਖ ਨੂੰ ਸੀਮੈਂਟ ਅਤੇ ਬੱਜਰੀ ਸਪਲਾਈ ਕੀਤੀ ਸੀ। ਦੋਸ਼ ਹੈ ਕਿ ਘੱਟ ਰੇਟ ‘ਤੇ ਸਮਾਨ ਦੇਣ ਦੇ ਬਾਵਜੂਦ ਬਾਅਦ 'ਚ ਭੁਗਤਾਨ ਨੂੰ ਲੈ ਕੇ ਵਿਵਾਦ ਖੜ੍ਹਾ ਕੀਤਾ ਗਿਆ।ਪਰਿਵਾਰ ਦੇ ਮੁਤਾਬਕ ਪੂਰਾ ਸਮਾਨ ਦੇਣ ਦੇ ਬਾਵਜੂਦ ਉਸ ‘ਤੇ ਪੈਸੇ ਵਾਪਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਵੀਡੀਓ 'ਚ ਸੋਨੂੰ ਨੇ ਦੱਸਿਆ ਕਿ ਬਿਨਾਂ ਪੱਕੀ ਰਸੀਦ ਦੇ ਸਮਾਨ ਦੇਣਾ ਉਸ ਦੀ ਸਭ ਤੋਂ ਵੱਡੀ ਗਲਤੀ ਸੀ। ਉਸ ਨੇ ਇਹ ਵੀ ਕਿਹਾ ਕਿ ਕਰੀਬ 8 ਲੱਖ ਰੁਪਏ ਦੀ ਐਂਟਰੀ ਉਸ ਦੀ ਪਤਨੀ ਦੇ ਖ਼ਾਤੇ 'ਚ ਕਰਵਾਈ ਗਈ, ਜਿਸ ਤੋਂ ਬਾਅਦ ਉਸ ਨੂੰ ਉਲਟਾ ਫਸਾਉਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : 27 ਅਪ੍ਰੈਲ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ! ਕੀਤਾ ਗਿਆ ਵੱਡਾ ਐਲਾਨ
ਵੀਡੀਓ 'ਚ ਲਗੇ ਸਨਸਨੀਖੇਜ਼ ਦੋਸ਼
ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ 'ਚ ਸੋਨੂੰ ਬੰਸਲ ਨੇ ਕੋਰਟ ਨਾਲ ਜੁੜੇ ਕਰਮਚਾਰੀਆਂ ਅਤੇ ਇੱਕ ਵਕੀਲ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਮਾਨ ਲੈਣ ਤੋਂ ਬਾਅਦ ਉਸ ਨੂੰ ਹੀ ਪੈਸੇ ਵਾਪਸ ਕਰਨ ਲਈ ਧਮਕਾਇਆ। ਉਸ ਨੇ ਕਿਹਾ ਕਿ ਆਨਲਾਈਨ ਪੇਮੈਂਟ ਨੂੰ ਆਧਾਰ ਬਣਾ ਕੇ ਉਸ ‘ਤੇ ਝੂਠਾ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਉਸ ਨੇ ਇੱਕ ਡੀ. ਐੱਸ. ਪੀ. ਅਤੇ ਕੁੱਝ ਪੁਲਸ ਕਰਮਚਾਰੀਆਂ ‘ਤੇ ਵੀ ਦਬਾਅ ਬਣਾਉਣ ਦੇ ਦੋਸ਼ ਲਗਾਏ। ਵੀਡੀਓ 'ਚ ਉਸ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਕਈ ਫੋਨ ਕਰਕੇ ਤੰਗ ਕੀਤਾ ਜਾਂਦਾ ਸੀ, ਘਰ ਦੇ ਬਾਹਰ ਆ ਕੇ ਹੰਗਾਮਾ ਕੀਤਾ ਜਾਂਦਾ ਸੀ ਅਤੇ ਕੇਸ 'ਚ ਫਸਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ।
'ਮੈਨੂੰ ਜਿਊਣ ਨਹੀਂ ਦਿੱਤਾ ਜਾ ਰਿਹਾ'
ਵੀਡੀਓ 'ਚ ਭਾਵੁਕ ਹੋ ਕੇ ਸੋਨੂੰ ਨੇ ਕਿਹਾ ਕਿ ਉਸ ਨੂੰ ਇੰਨਾ ਤੰਗ ਕੀਤਾ ਗਿਆ ਕਿ ਉਸ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ। ਉਸ ਨੇ ਕੁੱਝ ਲੋਕਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਕਰਾਰ ਦਿੱਤਾ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਵਪਾਰੀਆਂ 'ਚ ਭਾਰੀ ਰੋਸ ਫੈਲ ਗਿਆ। ਵੱਡੀ ਗਿਣਤੀ 'ਚ ਲੋਕ ਸਿਵਲ ਹਸਪਤਾਲ ਦੇ ਬਾਹਰ ਇਕੱਠੇ ਹੋ ਕੇ ਧਰਨਾ ਲਗਾ ਕੇ ਬੈਠ ਗਏ। ਪਰਿਵਾਰ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਡੀ. ਐੱਸ. ਪੀ. ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਵੈੱਬ ਸੀਰੀਜ਼ ਦਾ ਵਿਰੋਧ ਕਰਨ 'ਤੇ ਵੜਿੰਗ, ਮਜੀਠੀਆ ਅਤੇ ਰੰਧਾਵਾ ਨੂੰ ਧਮਕੀ, ਪੜ੍ਹੋ ਪੂਰੀ ਖ਼ਬਰ
ਧਰਨੇ ਮਗਰੋਂ ਪੁਲਸ ਦੀ ਤੁਰੰਤ ਕਾਰਵਾਈ
ਲੰਬੇ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਪੁਲਸ ਨੇ ਕਾਰਵਾਈ ਤੇਜ਼ ਕੀਤੀ। ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਦੇ ਬਿਆਨ ‘ਤੇ ਥਾਣਾ ਕੋਤਵਾਲੀ 'ਚ ਰੀਡਰ ਰੇਨੂ ਬਾਲਾ, ਉਸ ਦੇ ਪਤੀ ਰਮਨ ਜੈਨ ਅਤੇ ਐਡਵੋਕੇਟ ਅਰਸ਼ਦੀਪ ਬਰਾੜ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਰੇਨੂ ਬਾਲਾ ਅਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਤੀਜੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਡੀ. ਐੱਸ. ਪੀ. ਦੀ ਭੂਮਿਕਾ ਵੀ ਜਾਂਚ ਹੇਠ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਐੱਸ. ਪੀ. ਸਿਟੀ-ਵਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ, ਵੀਡੀਓ ਅਤੇ ਹੋਰ ਡਿਜੀਟਲ ਸਬੂਤਾਂ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਡੀ. ਐੱਸ. ਪੀ. ਦਾ ਕਹਿਣਾ ਹੈ ਕਿ ਉਹ ਕਦੇ ਉਸ ਨੂੰ ਨਾ ਮਿਲਿਆ ਅਤੇ ਨਾ ਫੋਨ 'ਤੇ ਗੱਲ ਹੋਈ, ਸਗੋਂ ਉਸ ਦੀ ਸ਼ਿਕਾਇਤ 'ਤੇ ਉਹ ਲਗਾਤਾਰ ਕਾਰਵਾਈ ਕਰ ਰਹੇ ਸਨ। ਫਿਲਹਾਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ, ਜਦੋਂ ਕਿ ਸ਼ਹਿਰ 'ਚ ਹਾਲੇ ਵੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
