ਬਠਿੰਡਾ ’ਚ ਕਾਂਗਰਸ ਅਤੇ ਆਜ਼ਾਦ 6-6, ਸ਼੍ਰੋਮਣੀ ਅਕਾਲੀ ਦਲ 3 ਅਤੇ ਭਾਜਪਾ ਨੂੰ 2 ਸੀਟਾਂ ਮਿਲੀਆਂ
Saturday, May 30, 2026 - 11:35 AM (IST)
ਬਠਿੰਡਾ (ਵਿਜੇ ਵਰਮਾ) : ਨਗਰ ਨਿਗਮ ਬਠਿੰਡਾ ਦੀਆਂ 50 ਵਾਰਡਾਂ ਲਈ ਹੋਈ ਮਤਗਣਨਾ ਦੌਰਾਨ ਵੀਰਵਾਰ ਦਾ ਦਿਨ ਪੂਰੀ ਤਰ੍ਹਾਂ ਹੰਗਾਮਿਆਂ, ਦੋਸ਼ਾਂ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਨਾਂ ਰਿਹਾ। ਸੱਤਾਧਾਰੀ ਨੇ 33 ਸੀਟਾਂ ਜਿੱਤੀਆਂ, ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ 17 ਵਾਰਡਾਂ ’ਚ ਜਿੱਤ ਦਰਜ ਕਰ ਕੇ ਸਰਕਾਰ ਨੂੰ ਸਖ਼ਤ ਟੱਕਰ ਦਿੱਤੀ। ਕਾਂਗਰਸ ਨੂੰ 6, ਆਜ਼ਾਦ ਉਮੀਦਵਾਰਾਂ ਨੂੰ 6, ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਭਾਜਪਾ ਨੂੰ 2 ਸੀਟਾਂ ਮਿਲੀਆਂ। ਨਤੀਜਿਆਂ ਦੌਰਾਨ ਕਈ ਵਾਰਡਾਂ ’ਚ ਰੀ-ਕਾਊਂਟਿੰਗ, ਮਤਪੇਟੀਆਂ ਦੀਆਂ ਟੁੱਟੀਆਂ ਸੀਲਾਂ, ਵੋਟਾਂ ਦੀ ਗਿਣਤੀ ਵਿਚ ਗੜਬੜ ਅਤੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦੇਣ ਵਿਚ ਦੇਰੀ ਵਰਗੇ ਮਾਮਲਿਆਂ ਨੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਹੋਟਲ ਮੈਨੇਜਮੈਂਟ ਇੰਸਟੀਚਿਊਟ ’ਚ ਬਣਾਏ ਗਏ ਕਾਊਂਟਿੰਗ ਸੈਂਟਰਾਂ ਦੇ ਬਾਹਰ ਦਿਨ ਭਰ ਸਿਆਸੀ ਵਰਕਰਾਂ ਅਤੇ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਰਹੀ। ਕਈ ਵਾਰ ਮਾਹੌਲ ਇੰਨਾ ਤਣਾਅ ਭਰਪੂਰ ਹੋ ਗਿਆ ਕਿ ਪ੍ਰਸ਼ਾਸਨ ਨੂੰ ਦਖ਼ਲ ਦੇਣਾ ਪਿਆ।
ਸਭ ਤੋਂ ਵੱਡਾ ਵਿਵਾਦ ਵਾਰਡ ਨੰਬਰ 47 ’ਚ ਸਾਹਮਣੇ ਆਇਆ। ਭਾਜਪਾ ਉਮੀਦਵਾਰ ਡਾ. ਰਜਨੀ ਗਰਗ ਦੇ ਪਤੀ ਡਾ. ਤਰਸੇਮ ਗਰਗ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਮਤਪੇਟੀਆਂ ਖੋਲ੍ਹੀਆਂ ਗਈਆਂ ਤਾਂ ਉਨ੍ਹਾਂ ਦੀਆਂ ਸੀਲਾਂ ਪਹਿਲਾਂ ਤੋਂ ਹੀ ਟੁੱਟੀਆਂ ਹੋਈਆਂ ਸਨ। ਇਤਰਾਜ਼ ਕਰਨ ’ਤੇ ਆਰ. ਓ. ਨੇ ਇਸ ਨੂੰ ਰੱਖ-ਰਖਾਅ ਦੌਰਾਨ ਹੋਈ ਆਮ ਗੱਲ ਕਹਿ ਕੇ ਟਾਲ ਦਿੱਤਾ। ਉਨ੍ਹਾਂ ਦੱਸਿਆ ਕਿ ਇਕ ਬਾਕਸ ਵਿਚ 681 ਵੋਟਾਂ ਦੇ ਦਸਤਖ਼ਤ ਮੌਜੂਦ ਸਨ, ਜਦੋਂ ਕਿ ਅੰਦਰੋਂ 690 ਤੋਂ ਵੱਧ ਵੋਟਾਂ ਨਿਕਲੀਆਂ। ਇਸੇ ਤਰ੍ਹਾਂ ਹੋਰ ਬਾਕਸਾਂ ਵਿਚ ਵੀ ਗਿਣਤੀ ਵਿਚ ਅੰਤਰ ਪਾਇਆ ਗਿਆ। ਡਾ. ਤਰਸੇਮ ਗਰਗ ਨੇ ਦੋਸ਼ ਲਗਾਇਆ ਕਿ ਤੀਜੇ ਰਾਊਂਡ ਦੌਰਾਨ ਵੋਟਾਂ ਦੀ ਗਿਣਤੀ ’ਚ ਗੜਬੜ ਸਾਹਮਣੇ ਆਈ ਅਤੇ ਇਕ ਵੋਟ ਘੱਟ ਪਾਈ ਗਈ, ਜਦੋਂ ਕਿ ਵਾਰਡ ਨੰਬਰ 45 ਵਿਚ ਦੋ ਵਾਧੂ ਵੋਟਾਂ ਮਿਲਣ ਦੀ ਗੱਲ ਵੀ ਸਾਹਮਣੇ ਆਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਧਿਕਾਰੀਆਂ ਵੱਲੋਂ ਖ਼ਾਲੀ ਫਾਰਮਾਂ ’ਤੇ ਦਸਤਖਤ ਕਰਨ ਲਈ ਦਬਾਅ ਬਣਾਇਆ ਗਿਆ। ਮਾਮਲੇ ਤੋਂ ਨਾਰਾਜ਼ ਡਾ. ਰਜਨੀ ਗਰਗ ਪੂਰੀ ਮਤਗਣਨਾ ਖ਼ਤਮ ਹੋਣ ਤੋਂ ਪਹਿਲਾਂ ਹੀ ਕੇਂਦਰ ਛੱਡ ਕੇ ਚਲੀ ਗਈਆਂ, ਜਿਸ ਤੋਂ ਬਾਅਦ ਵਿਰੋਧੀ ਉਮੀਦਵਾਰ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ।
ਵਾਰਡ ਨੰਬਰ 17 ਵਿਚ ਵੀ ਨਾਟਕੀ ਮੋੜ ਦੇਖਣ ਨੂੰ ਮਿਲਿਆ। ਪਹਿਲਾਂ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਗਿਆ ਪਰ ਬਾਅਦ ਵਿਚ ਰੀ-ਕਾਊਂਟਿੰਗ ਦੌਰਾਨ ਨਤੀਜਾ ਪਲਟ ਗਿਆ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ ਨੇ ਵੀ ਮਤਗਣਨਾ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ। ਵਾਰਡ ਨੰਬਰ 7 ਵਿਚ ਭਾਜਪਾ ਉਮੀਦਵਾਰ ਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਮਤਗਣਨਾ ਦੌਰਾਨ ਉਨ੍ਹਾਂ ਨੂੰ ਬੈਲਟ ਪੇਪਰ ਨਹੀਂ ਦਿਖਾਏ ਜਾ ਰਹੇ ਸਨ। ਉਨ੍ਹਾਂ ਰੀ-ਕਾਊਂਟਿੰਗ ਦੀ ਮੰਗ ਕਰਦੇ ਹੋਏ ਕਿਹਾ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਨਹੀਂ ਰਹੀ। ਇਸੇ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਲਗਾ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਜਿੱਤ ਦਰਜ ਕਰਨ ਵਾਲੇ ਕਾਂਗਰਸੀ ਉਮੀਦਵਾਰਾਂ ਨੂੰ ਜਾਣ-ਬੁੱਝ ਕੇ ਜਿੱਤ ਦੇ ਸਰਟੀਫਿਕੇਟ ਦੇਣ ਵਿਚ ਦੇਰੀ ਕੀਤੀ ਜਾ ਰਹੀ ਹੈ। ਮਾਮਲਾ ਵਧਣ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ’ਤੇ ਪਹੁੰਚਣਾ ਪਿਆ, ਜਿਸ ਤੋਂ ਬਾਅਦ ਸਰਟੀਫਿਕੇਟ ਜਾਰੀ ਕੀਤੇ ਗਏ ਅਤੇ ਧਰਨਾ ਸਮਾਪਤ ਹੋਇਆ। ਵਾਰਡ ਨੰਬਰ 42 ਤੋਂ ਭਾਜਪਾ ਦੀ ਰੀਤੂ ਗਰਗ ਜੇਤੂ ਰਹੇ ਪਰ ਦੇਰ ਸ਼ਾਮ ਤਕ ਵੀ ਉਨ੍ਹਾਂ ਨੂੰ ਜਿੱਤ ਦਾ ਸਰਟੀਫਿਕੇਟ ਨਹੀਂ ਦਿੱਤਾ ਗਿਆ। ਇਸ ਕਾਰਨ ਭਾਜਪਾ ਵਰਕਰਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ।
