ਟਰੈਕਟਰ ਤੇ ਕਾਰ ਦੀ ਟੱਕਰ 'ਚ ਟਰੈਕਟਰ ਦੇ ਹੋਏ ਟੁਕੜੇ, ਸਵਾਰ ਵਾਲ-ਵਾਲ ਬਚੇ

Monday, May 18, 2026 - 11:46 AM (IST)

ਟਰੈਕਟਰ ਤੇ ਕਾਰ ਦੀ ਟੱਕਰ 'ਚ ਟਰੈਕਟਰ ਦੇ ਹੋਏ ਟੁਕੜੇ, ਸਵਾਰ ਵਾਲ-ਵਾਲ ਬਚੇ

ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ-ਬਠਿੰਡਾ ਹਾਈਵੇ ’ਤੇ ਪਿੰਡ ਭਾਗੀਵਾਂਦਰ ਕੋਲ ਬੀਤੀ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ਦੌਰਾਨ ਟਰੈਕਟਰ ਅਤੇ ਕਾਰ ਦੀ ਹੋਈ ਟੱਕਰ ’ਚ ਟਰੈਕਟਰ ਦੇ ਟੁਕੜੇ ਹੋ ਗਏ। ਇਸ ਹਾਦਸੇ ਦੌਰਾਨ ਕਾਰ ਦੇ ਅਗਲੇ ਹਿੱਸੇ ਦੇ ਵੀ ਪਰਖੱਚੇ ਉੱਡ ਗਏ ਪਰ ਰਾਹਤ ਦੀ ਗੱਲ ਇਹ ਰਹੀ ਕਿ ਦੋਹਾਂ ਵਾਹਨਾਂ ’ਤੇ ਸਵਾਰ ਲੋਕ ਵਾਲ-ਵਾਲ ਬਚ ਗਏ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਬਠਿੰਡਾ ਹਾਈਵੇ ਨੂੰ ਨਵਵਿਆਉਣ ਦਾ ਕੰਮ ਪਿਛਲੇ ਸਮੇਂ ’ਚ ਸ਼ੁਰੂ ਹੋਇਆ ਸੀ, ਜਿਸ ਤਹਿਤ ਸੜਕ ਦੇ ਕਾਫੀ ਹਿੱਸੇ ’ਤੇ ਨਵੀਂ ਸੜਕ ਦਾ ਨਿਰਮਾਣ ਕਰ ਦਿੱਤਾ ਗਿਆ ਪਰ ਕੰਮ ਮੁਕੰਮਲ ਨਾ ਹੋਣ ਕਾਰਨ ਜਿੱਥੇ ਕੰਮ ਛੱਡਿਆ ਗਿਆ ਹੈ, ਉੱਥੇ ਸੜਕ ’ਤੇ ਹੰਪ ਬਣ ਗਿਆ ਹੈ, ਜੋ ਰਾਤ ਸਮੇਂ ਵਾਹਨ ਚਾਲਕਾਂ ਲਈ ਹਾਦਸੇ ਦਾ ਸਬੱਬ ਬਣ ਰਿਹਾ।

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10 ਵਜੇ ਬਠਿੰਡਾ ਵੱਲੋਂ ਤਲਵੰਡੀ ਸਾਬੋ ਨੂੰ ਜਾ ਰਹੀ ਮਾਰੂਤੀ ਕਾਰ ਜਦੋਂ ਭਾਗੀਵਾਂਦਰ ਲਾਗੇ ਇਸ ਹੰਪਨੁਮਾ ਸੜਕ ਦੇ ਟੋਟੇ ’ਤੇ ਪਹੁੰਚੀ ਤਾਂ ਅੱਗਿਓਂ ਆ ਰਹੇ ਇਕ ਟਰੈਕਟਰ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਟੋਟੇ ਹੋ ਗਏ ਅਤੇ ਕਾਰ ਦੇ ਵੀ ਪਰਖੱਚੇ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹਤ ਦੀ ਗੱਲ ਇਹ ਰਹੀ ਕਿ ਇੰਨੇ ਭਿਆਨਕ ਦੁਰਘਟਨਾ ਦੇ ਬਾਵਜੂਦ ਦੋਹਾਂ ਵਾਹਨਾਂ ’ਤੇ ਸਵਾਰ ਕਿਸੇ ਦਾ ਵੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਟਰੈਕਟਰ ਸਵਾਰ ਜਸਵੀਰ ਸਿੰਘ ਵਾਸੀ ਭਾਗੀਵਾਂਦਰ ਅਨੁਸਾਰ ਅਧੂਰੀ ਛੱਡੀ ਸੜਕ ਕਾਰਨ ਬਣੇ ਰੈਂਪ ਸੜਕ ’ਚ ਹੀ ਮਿਲ ਜਾਣ ਕਾਰਨ ਰਾਤ ਨੂੰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਰਾਤ ਨੂੰ ਹਾਦਸੇ ਵਾਪਰਨ ਦੀ ਆਸ਼ੰਕਾ ਬਣੀ ਰਹਿੰਦੀ ਹੈ। ਇਸ ਲਈ ਇਸਦਾ ਨਿਰਮਾਣ ਜਲਦ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ।
 


author

Babita

Content Editor

Related News