ਬੰਬੀਹਾ ਗੈਂਗ ਦੇ ਨਾਂ ’ਤੇ ਵਪਾਰੀ ਨੂੰ ਧਮਕਾਉਣ ਵਾਲਾ ਮਲੇਸ਼ੀਆ ਤੋਂ ਆਉਂਦੇ ਹੀ ਕਾਬੂ

Thursday, May 21, 2026 - 06:37 PM (IST)

ਬੰਬੀਹਾ ਗੈਂਗ ਦੇ ਨਾਂ ’ਤੇ ਵਪਾਰੀ ਨੂੰ ਧਮਕਾਉਣ ਵਾਲਾ ਮਲੇਸ਼ੀਆ ਤੋਂ ਆਉਂਦੇ ਹੀ ਕਾਬੂ

ਬਠਿੰਡਾ (ਵਿਜੇ ਵਰਮਾ) : ਬਠਿੰਡਾ ਵਿੱਚ ਬੰਬੀਹਾ ਗੈਂਗ ਦੇ ਨਾਂ ’ਤੇ ਇਕ ਵਪਾਰੀ ਤੋਂ ਮੋਟੀ ਫਿਰੌਤੀ ਮੰਗਣ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਪੁਲਸ ਨੇ ਆਖਿਰਕਾਰ ਕਾਬੂ ਕਰ ਲਿਆ ਹੈ। ਕਰੀਬ ਇਕ ਸਾਲ ਤੋਂ ਪੁਲਸ ਨੂੰ ਚਕਮਾ ਦੇ ਰਿਹਾ ਮੁਲਜ਼ਮ ਜਿਵੇਂ ਹੀ ਮਲੇਸ਼ੀਆ ਤੋਂ ਭਾਰਤ ਪਰਤਿਆ ਤਾਂ ਅੰਮ੍ਰਿਤਸਰ ਏਅਰਪੋਰਟ ’ਤੇ ਪਹਿਲਾਂ ਤੋਂ ਤਾਇਨਾਤ ਪੁਲਿਸ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਪਿੰਡ ਮਹਿਮਾ ਸਰਜਾ ਦੇ ਰਹਿਣ ਵਾਲੇ ਹਰਿ ਸਿੰਘ ਵਜੋਂ ਹੋਈ ਹੈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਵਿਦੇਸ਼ ਵਿੱਚ ਬੈਠ ਕੇ ਵਪਾਰੀ ਨੂੰ ਲਗਾਤਾਰ ਵਟਸਐਪ ਕਾਲਾਂ ਅਤੇ ਵਾਇਸ ਨੋਟ ਭੇਜ ਰਿਹਾ ਸੀ। ਮੁਲਜ਼ਮ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸ ਕੇ ਵੱਡੀ ਫਿਰੌਤੀ ਦੀ ਮੰਗ ਕਰ ਰਿਹਾ ਸੀ। ਜਾਣਕਾਰੀ ਅਨੁਸਾਰ 30 ਅਤੇ 31 ਮਾਰਚ 2025 ਨੂੰ ਵਪਾਰੀ ਨੂੰ ਧਮਕੀ ਭਰੀਆਂ ਕਾਲਾਂ ਆਈਆਂ। ਜਦੋਂ ਵਪਾਰੀ ਨੇ ਡਰ ਕਾਰਨ ਫੋਨ ਚੁੱਕਣਾ ਬੰਦ ਕਰ ਦਿੱਤਾ ਤਾਂ ਮੁਲਜ਼ਮ ਨੇ ਵਾਇਸ ਨੋਟ ਭੇਜ ਕੇ ਕਿਹਾ ਕਿ “ਫੋਨ ਨਾ ਚੁੱਕਣ ਨਾਲ ਕੁਝ ਨਹੀਂ ਹੋਣਾ, ਮੈਂ ਤੇਰੇ ਪੂਰੇ ਪਰਿਵਾਰ ਨੂੰ ਜਾਣਦਾ ਹਾਂ।” ਇਸ ਤੋਂ ਬਾਅਦ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦੇ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।

ਵਪਾਰੀ ਦੀ ਸ਼ਿਕਾਇਤ ’ਤੇ 1 ਅਪ੍ਰੈਲ 2025 ਨੂੰ ਪੁਲਸ ਨੇ ਮਾਮਲਾ ਦਰਜ ਕਰਕੇ ਟੈਕਨੀਕਲ ਜਾਂਚ ਸ਼ੁਰੂ ਕੀਤੀ। ਮੋਬਾਈਲ ਡਾਟਾ, ਇੰਟਰਨੈੱਟ ਕਾਲਿੰਗ ਅਤੇ ਡਿਜ਼ੀਟਲ ਟ੍ਰੈਕਿੰਗ ਰਾਹੀਂ ਪੁਲਸ ਮੁਲਜ਼ਮ ਤੱਕ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਧਮਕੀਆਂ ਮਲੇਸ਼ੀਆ ਤੋਂ ਦਿੱਤੀਆਂ ਜਾ ਰਹੀਆਂ ਸਨ। ਡੀਐੱਸਪੀ ਅੰਮ੍ਰਿਤਪਾਲ ਭਾਟੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਲੁੱਕ ਆਉਟ ਸਰਕੁਲਰ (ਐੱਲਓਸੀ) ਜਾਰੀ ਕਰਵਾਇਆ ਗਿਆ ਸੀ। ਐੱਲਓਸੀ ਜਾਰੀ ਹੋਣ ਤੋਂ ਬਾਅਦ ਮੁਲਜ਼ਮ ’ਤੇ ਦਬਾਅ ਵੱਧ ਗਿਆ ਅਤੇ ਉਹ ਚੋਰੀ-ਛੁਪੇ ਭਾਰਤ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਏਅਰਪੋਰਟ ਅਥਾਰਿਟੀਆਂ ਪਹਿਲਾਂ ਹੀ ਸਚੇਤ ਸਨ। ਜਿਵੇਂ ਹੀ ਉਹ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ ਤਾਂ ਪੁਲਸ ਨੇ ਉਸਨੂੰ ਤੁਰੰਤ ਕਾਬੂ ਕਰ ਲਿਆ।

ਪੁਲਸ ਰਿਮਾਂਡ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਦੇ ਬੰਬੀਹਾ ਗੈਂਗ ਨਾਲ ਸੰਬੰਧ ਹਨ ਅਤੇ ਉਹ ਗੈਂਗ ਲਈ ਕੰਮ ਕਰਦਾ ਸੀ। ਹੁਣ ਪੁਲਸ ਇਹ ਵੀ ਖੰਗਾਲ ਰਹੀ ਹੈ ਕਿ ਉਸਨੇ ਹੋਰ ਕਿਹੜੇ ਕਾਰੋਬਾਰੀਆਂ ਨੂੰ ਧਮਕੀਆਂ ਦਿੱਤੀਆਂ ਅਤੇ ਉਸਦੇ ਸੰਪਰਕ ਕਿਹੜੇ ਗੈਂਗਸਟਰਾਂ ਨਾਲ ਹਨ। ਡੀਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਫਿਰੌਤੀ ਜਾਂ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ, ਕਿਉਂਕਿ ਅਜਿਹੇ ਮਾਮਲਿਆਂ 'ਚ ਪੁਲਸ ਪੂਰੀ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News