ਵੋਟਾਂ ਤੋਂ ਪਹਿਲਾਂ ਬਠਿੰਡਾ ''ਚ ਹਾਈਵੋਲਟੋਜ ਡਰਾਮਾ, ਪੜ੍ਹੋ ਕੀ ਹੈ ਪੂਰਾ ਮਾਮਲਾ
Tuesday, May 26, 2026 - 09:26 AM (IST)
ਬਠਿੰਡਾ (ਵਿਜੇ ਵਰਮਾ) : ਨਗਰ ਨਿਗਮ ਚੋਣਾਂ ਦੇ ਮਾਹੌਲ 'ਚ ਬਠਿੰਡਾ ਦੇ ਵਾਰਡ ਨੰਬਰ-2 'ਚ ਸੋਮਵਾਰ ਦੇਰ ਰਾਤ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਵਰਕਰ ਆਹਮੋ-ਸਾਹਮਣੇ ਹੋ ਗਏ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ ਗਏ, ਜਿਸ ਤੋਂ ਬਾਅਦ ਇਲਾਕੇ 'ਚ ਹੰਗਾਮੇ ਵਾਲਾ ਮਾਹੌਲ ਬਣ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਭਾਜਪਾ ਵਰਕਰਾਂ ਨੇ ਦੇਰ ਰਾਤ ਕੈਂਟ ਥਾਣੇ ਦੇ ਬਾਹਰ ਧਰਨਾ ਲਗਾ ਕੇ ਕਾਰਵਾਈ ਦੀ ਮੰਗ ਸ਼ੁਰੂ ਕਰ ਦਿੱਤੀ। ਦੇਰ ਰਾਤ ਤੱਕ ਥਾਣੇ ਦੇ ਬਾਹਰ ਨਾਅਰੇਬਾਜ਼ੀ ਅਤੇ ਤਕਰਾਰ ਜਾਰੀ ਰਹੀ। 'ਆਪ' ਉਮੀਦਵਾਰ ਹਰਬੀਰ ਸਿੰਘ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ਵਾਰਡ 'ਚ ਸੋਮਵਾਰ ਸਵੇਰੇ ਤੋਂ ਹੀ ਵੋਟਰਾਂ ਨੂੰ ਪੈਸੇ ਵੰਡ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਕੋਲ ਪੈਸੇ ਵੰਡਣ ਦੀਆਂ ਵੀਡੀਓਜ਼ ਵੀ ਮੌਜੂਦ ਹਨ। ਹਰਬੀਰ ਸਿੰਘ ਦੇ ਅਨੁਸਾਰ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਪੁਲਸ ਨੇ ਮੌਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ 'ਚ ਵੀ ਲਿਆ, ਪਰ ਉਸ ਕੋਲੋਂ ਕੋਈ ਨਕਦੀ ਬਰਾਮਦ ਨਹੀਂ ਹੋਈ।
ਹਰਬੀਰ ਸਿੰਘ ਨੇ ਦੋਸ਼ ਲਗਾਇਆ ਕਿ ਭਾਜਪਾ ਚੋਣਾਂ 'ਚ ਹਾਰ ਸਾਹਮਣੇ ਵੇਖ ਕੇ ਧਨਬਲ ਦਾ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਪੈਸੇ ਦੇ ਜ਼ੋਰ ’ਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਮਾਮਲਾ ਚੋਣ ਕਮਿਸ਼ਨ ਤੱਕ ਵੀ ਲਿਆਂਦਾ ਜਾਵੇਗਾ। ਦੂਜੇ ਪਾਸੇ ਭਾਜਪਾ ਉਮੀਦਵਾਰ ਵਿਪਿਨ ਕੁਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰਾਜਨੀਤਿਕ ਡਰਾਮਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਾਰਡ 'ਚ ਆਪ ਦੀ ਸਥਿਤੀ ਕਮਜ਼ੋਰ ਹੋਣ ਕਾਰਨ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਪਿਨ ਕੁਮਾਰ ਨੇ ਦੋਸ਼ ਲਗਾਇਆ ਕਿ ਆਪ ਉਮੀਦਵਾਰ ਪੁਲਸ ਦੀ ਮੌਜੂਦਗੀ 'ਚ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਇਆ ਅਤੇ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ 'ਚ ਜਾ ਕੇ ਅਲਮਾਰੀ ਅਤੇ ਹੋਰ ਸਮਾਨ ਦੀ ਤਲਾਸ਼ੀ ਲਈ। ਉਨ੍ਹਾਂ ਇਸ ਨੂੰ ਲੋਕਤੰਤਰੀ ਮਰਿਆਦਾਵਾਂ ਦੀ ਉਲੰਘਣਾ ਦੱਸਦਿਆਂ ਕਿਹਾ ਕਿ ਇਹ ਸਿੱਧਾ-ਸਿੱਧਾ ਰਾਜਨੀਤਿਕ ਦਬਾਅ ਬਣਾਉਣ ਦੀ ਕੋਸ਼ਿਸ਼ ਸੀ।
ਭਾਜਪਾ ਆਗੂਆਂ ਅਤੇ ਵਰਕਰਾਂ ਦਾ ਦੋਸ਼ ਹੈ ਕਿ ਪੁਲਸ ਨੇ ਪੂਰੇ ਮਾਮਲੇ 'ਚ ਨਿਰਪੱਖ ਭੂਮਿਕਾ ਨਹੀਂ ਨਿਭਾਈ। ਪ੍ਰਤੱਖਦਰਸ਼ੀਆਂ ਮੁਤਾਬਕ ਜਦੋਂ ਕੁੱਝ ਲੋਕ ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾ ਰਹੇ ਸਨ ਤਾਂ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਦੇ ਮੋਬਾਇਲ ਫੋਨ ਤੱਕ ਖੋਹ ਲਏ ਅਤੇ ਕਾਰਵਾਈ ਦੀ ਧਮਕੀ ਵੀ ਦਿੱਤੀ। ਇਸ ਦੋਸ਼ ਤੋਂ ਬਾਅਦ ਭਾਜਪਾ ਵਰਕਰਾਂ ਦਾ ਗੁੱਸਾ ਹੋਰ ਵੱਧ ਗਿਆ। ਘਟਨਾ ਦੇ ਵਿਰੋਧ 'ਚ ਭਾਜਪਾ ਵਰਕਰ ਦੇਰ ਰਾਤ ਕੈਂਟ ਥਾਣੇ ਪਹੁੰਚ ਗਏ ਅਤੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਸਰੂਪਚੰਦ ਸਿੰਗਲਾ ਦੀ ਅਗਵਾਈ ਹੇਠ ਧਰਨਾ ਸ਼ੁਰੂ ਕਰ ਦਿੱਤਾ।
ਵਰਕਰਾਂ ਨੇ ਆਪ ਉਮੀਦਵਾਰ ਅਤੇ ਸਬੰਧਿਤ ਪੁਲਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨਿਰਪੱਖ ਜਾਂਚ ਅਤੇ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਉੱਥੇ ਹੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਲੈ ਲਈਆਂ ਗਈਆਂ ਹਨ ਅਤੇ ਘਟਨਾ ਸਥਾਨ ਦੀਆਂ ਵੀਡੀਓ ਫੁਟੇਜ ਵੀ ਖੰਗਾਲੀਆਂ ਜਾ ਰਹੀਆਂ ਹਨ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਾਰਡ ਨੰਬਰ-2 ਦੀ ਇਹ ਘਟਨਾ ਚੋਣੀ ਮਾਹੌਲ 'ਚ ਵੱਧ ਰਹੀ ਰਾਜਨੀਤਿਕ ਤਿੱਖੇਪਣ ਨੂੰ ਦਰਸਾ ਰਹੀ ਹੈ।
