ਸਕੂਲਾਂ ''ਚ ਹੋ ਗਈ ਛੁੱਟੀ, ਬੱਚਿਆਂ ਨੂੰ ਲੈਣ ਭੱਜੇ ਆਏ ਮਾਪੇ, ਪੂਰੇ ਸ਼ਹਿਰ ''ਚ ਮਚਿਆ ਹੜਕੰਪ
Thursday, May 21, 2026 - 01:21 PM (IST)
ਬਠਿੰਡਾ (ਵਿਜੇ ਵਰਮਾ) : ਬਠਿੰਡਾ ਸ਼ਹਿਰ 'ਚ ਵੀਰਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ ਚਾਰ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ। ਜਾਣਕਾਰੀ ਮਿਲਦੇ ਹੀ ਪੁਲਸ ਪ੍ਰਸ਼ਾਸਨ, ਸੁਰੱਖਿਆ ਏਜੰਸੀਆਂ ਅਤੇ ਸਕੂਲ ਪ੍ਰਬੰਧਕ ਤੁਰੰਤ ਹਰਕਤ 'ਚ ਆ ਗਏ। ਫ਼ੌਰੀ ਤੌਰ ’ਤੇ ਸਕੂਲ ਖ਼ਾਲੀ ਕਰਵਾਏ ਗਏ ਅਤੇ ਹਜ਼ਾਰਾਂ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦਿੱਲੀ ਪਬਲਿਕ ਸਕੂਲ, ਲਾਰਡ ਰਾਮਾ ਸਕੂਲ, ਪੁਲਸ ਪਬਲਿਕ ਸਕੂਲ ਅਤੇ ਮਿਲੇਨੀਅਮ ਸਕੂਲ ਨੂੰ ਈਮੇਲ ਰਾਹੀਂ ਧਮਕੀ ਭੇਜੀ ਗਈ। ਈਮੇਲ 'ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਸੀ। ਜਿਵੇਂ ਹੀ ਸਕੂਲ ਪ੍ਰਬੰਧਨ ਨੇ ਈਮੇਲ ਵੇਖੀ, ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ 'ਚ ਮਚਿਆ ਹੜਕੰਪ! ਪੜ੍ਹੋ ਆਖ਼ਰ ਅਜਿਹਾ ਕੀ ਹੋਇਆ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਚਾਰਾਂ ਸਕੂਲਾਂ 'ਚ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ। ਬੰਬ ਸਕੁਐਡ ਅਤੇ ਸੁਰੱਖਿਆ ਟੀਮਾਂ ਨੇ ਸਕੂਲ ਕੈਂਪਸ ਦੀ ਡੂੰਘਾਈ ਨਾਲ ਜਾਂਚ ਕੀਤੀ। ਹਾਲਾਂਕਿ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਪਰ ਪ੍ਰਸ਼ਾਸਨ ਕੋਈ ਵੀ ਖ਼ਤਰਾ ਮੋਲ ਲੈਣ ਦੇ ਮੂਡ 'ਚ ਨਹੀਂ ਦਿਖਿਆ। ਅਚਾਨਕ ਛੁੱਟੀ ਹੋਣ ਕਾਰਨ ਮਾਪਿਆਂ 'ਚ ਘਬਰਾਹਟ ਦਾ ਮਾਹੌਲ ਬਣ ਗਿਆ। ਕਈ ਮਾਪੇ ਜਲਦਬਾਜ਼ੀ 'ਚ ਸਕੂਲ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਘਰ ਲੈ ਗਏ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪੁਲਸ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਸ਼ੱਕੀ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਧਮਕੀ ਭਰੀ ਈਮੇਲ ਦੀ ਜਾਂਚ ਹੁਣ ਸਾਈਬਰ ਸੈੱਲ ਨੂੰ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
ਪੁਲਸ ਈਮੇਲ ਭੇਜਣ ਵਾਲੇ ਦੀ ਪਛਾਣ ਅਤੇ ਲੋਕੇਸ਼ਨ ਟਰੇਸ ਕਰਨ 'ਚ ਜੁੱਟੀ ਹੋਈ ਹੈ। ਡੀ. ਐੱਸ. ਪੀ. ਅਰੁਣ ਮੁੰਡਨ ਨੇ ਦੱਸਿਆ ਕਿ ਈਮੇਲ ਮਿਲਦੇ ਹੀ ਸਾਰੇ ਸਕੂਲ ਖ਼ਾਲੀ ਕਰਵਾ ਕੇ ਜਾਂਚ ਕੀਤੀ ਗਈ ਹੈ। ਸਕੂਲਾਂ ਦੇ ਆਲੇ-ਦੁਆਲੇ ਵੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਵੀ ਬਠਿੰਡਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਮਿਲੀ ਸੀ। ਲਗਾਤਾਰ ਦੂਜੀ ਵਾਰ ਧਮਕੀ ਮਿਲਣ ਨਾਲ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
