ਬੀ. ਐੱਸ. ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
Friday, Aug 04, 2023 - 05:20 PM (IST)
ਫਿਰੋਜ਼ਪੁਰ (ਕੁਮਾਰ) : ਬੀ. ਐੱਸ. ਐੱਫ. ਨੇ ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ’ਤੇ ਕੰਡਿਆਂ ਵਾਲੀ ਤਾਰ ਦੇ ਨੇੜੇ ਖੇਤਾਂ ਵਿਚੋਂ 2 ਬੋਤਲਾਂ ਵਿਚ ਭਰੀ ਕਰੀਬ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਬੀ. ਐੱਸ. ਐੱਫ ਦੀ ਪੈਟਰੋਲਿੰਗ ਪਾਰਟੀ ਨੂੰ ਗਸ਼ਤ ਦੌਰਾਨ ਫਿਰੋਜ਼ਪੁਰ ਦੇ ਪਿੰਡ ਕਾਲੂ ਅਰਾਈਆਂ ਵਿਖੇ ਆਈ. ਬੀ. ਟਰੈਕ ’ਤੇ 2 ਵਿਅਕਤੀਆਂ ਦੇ ਸ਼ੱਕੀ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ ਅਤੇ ਸ਼ੱਕ ਦੇ ਆਧਾਰ ’ਤੇ ਬੀ. ਐੱਸ. ਐੱਫ ਵੱਲੋਂ ਪਿੰਡ ਕਾਲੂ ਅਰਾਈਆਂ ਵਿਖੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਥੋਂ ਖੇਤਾਂ ਵਿਚ ਪਈਆਂ ਹੋਈਆਂ 2 ਛੋਟੀਆਂ ਬੋਤਲਾਂ ਵਿਚ ਭਰੀ ਹੈਰੋਇਨ ਮਿਲੀ।
ਉਨ੍ਹਾਂ ਦੱਸਿਆ ਕਿ ਇਹ 2 ਕਿੱਲੋ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਫਿਰੋਜ਼ਪੁਰ ਸਰਹੱਦੀ ਖੇਤਰ ਵਿਚ ਭੇਜੀ ਗਈ ਸੀ ਅਤੇ ਬੀ. ਐੱਸ. ਐੱਫ. ਨੇ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾਂਦੀ ਹੈ।