ਚਾਰ ਮਹੀਨੇ ਪਹਿਲਾਂ ਵਿਆਹੇ ਛੋਟੇ ਭਰਾ ਦਾ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤਾ ਕਤਲ

Thursday, May 14, 2020 - 08:25 PM (IST)

ਮਲੋਟ (ਜੁਨੇਜਾ, ਕਾਠਪਾਲ) : ਭੋਤਿਕਵਾਦੀ ਯੁੱਗ ਵਿਚ ਮਨੁੱਖ ਦਾ ਖੂਨ ਕਿਸ ਤਰ੍ਹਾਂ ਸਫ਼ੈਦ ਹੋ ਗਿਆ ਹੈ, ਇਹ ਵੇਖਣ ਨੂੰ ਆਇਆ ਮਲੋਟ ਨੇੜਲੇ ਪਿੰਡ ਔਲਖ ਵਿਚ, ਜਿਥੇ ਘਰੇਲੂ ਕਲੇਸ਼ 'ਚ ਵਾਪਰੇ ਦੁਖਾਂਤ ਵਿਚ ਵੱਡੇ ਭਰਾ ਨੇ ਛੋਟੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦਾ ਚਾਰ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਇਸ ਸਬੰਧੀ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਦੀ ਸ਼ਾਦੀ ਚਾਰ ਮਹੀਨੇ ਪਹਿਲਾਂ ਔਲਖ ਵਿਖੇ ਤਲਵਿੰਦਰ ਸਿੰਘ ਲਾਡੀ (26 ਸਾਲ) ਨਾਲ ਹੋਈ ਸੀ। ਘਰ ਦੇ ਕਰਤਾ-ਧਰਤਾ ਉਸਦਾ ਜੇਠ ਨਗਿੰਦਰ ਸਿੰਘ ਸਿੰਘ ਹੈਪੀ ਅਤੇ ਉਸਦੀ ਪਤਨੀ ਗੁਣਦੀਪ ਕੌਰ ਸਨ ਜਿਸ ਕਰਕੇ ਉਨ੍ਹਾਂ ਦੋਹਾਂ ਦੀ ਟੋਕਾ-ਟਾਕੀ ਕੀਤੀ ਜਾਂਦੀ ਸੀ। ਜਿਸ ਕਰਕੇ ਉਨ੍ਹਾਂ ਦੇ ਘਰ ਵਿਚ ਕਲੇਸ਼ ਚੱਲਦਾ ਰਹਿੰਦਾ ਸੀ। 
ਰਾਜਵੀਰ ਕੌਰ ਨੇ ਦੱਸਿਆ ਜਦੋਂ ਵੀਰਵਾਰ ਸਵੇਰੇ ਉਹ ਰਸੋਈ ਵਿਚ ਕੰਮ ਕਰ ਰਹੀ ਸੀ ਤਾਂ ਉਸਦੇ ਜੇਠ ਨਗਿੰਦਰ ਸਿੰਘ ਉਰਫ ਹੈਪੀ (35 ਸਾਲ) ਅਤੇ ਜੇਠਾਣੀ ਗੁਣਦੀਪ ਕੌਰ ਉਸ ਦੇ ਪਤੀ ਤਲਵਿੰਦਰ ਸਿੰਘ ਨਾਲ ਹੱਥੋਂ ਪਾਈ ਹੋ ਰਹੇ ਸਨ। ਜਦੋਂ ਉਸਦਾ ਪਤੀ ਉਨ੍ਹਾਂ ਤੋਂ ਬਚ ਕੇ ਬਾਹਰ ਨਿਕਲਣ ਲੱਗਾ ਤਾਂ ਉਸਦੀ ਜੇਠਾਣੀ ਨੇ ਲਲਕਾਰਾ ਮਾਰਿਆ ਕਿ ਅੱਜ ਲਾਡੀ ਬਚ ਕੇ ਨਹੀਂ ਜਾਣਾ ਚਾਹੀਦਾ। ਇਸ 'ਤੇ ਜੇਠ ਨਗਿੰਦਰ ਸਿੰਘ ਨੇ ਆਪਣੇ ਲਾਈਸੰਸੀ ਰਿਵਾਲਵਰ ਨਾਲ ਗੋਲੀ ਚਲਾ ਕਿ ਤਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਸਦਰ ਮਲੋਟ ਦੇ ਐੱਸ. ਐੱਚ. ਓ. ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਰਾਜਵੀਰ ਕੌਰ ਦੇ ਬਿਆਨਾਂ 'ਤੇ ਨਗਿੰਦਰ ਸਿੰਘ ਹੈਪੀ ਅਤੇ ਉਸਦੀ ਪਤਨੀ ਗੁਣਦੀਪ ਕੌਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਵਿਦੇਸ਼ ਜਾਣ ਦੀ ਤਿਆਰੀ ਵਿਚ ਸਨ ਮ੍ਰਿਤਕ ਅਤੇ ਉਸਦੀ ਪਤਨੀ
ਮ੍ਰਿਤਕ ਲਾਡੀ ਦੇ ਸਾਲੇ ਨੇ ਦੱਸਿਆ ਕਿ ਜਨਵਰੀ ਵਿਚ ਉਨ੍ਹਾਂ ਆਪਣੀ ਭੈਣ ਦਾ ਵਿਆਹ ਕੀਤਾ ਸੀ ਅਤੇ 25-30 ਲੱਖ ਰੁਪਏ ਲਾਏ ਸਨ। ਉਸਦੀ ਭੈਣ ਐੱਮ. ਐੱਸ. ਸੀ. ਫਿਜ਼ਿਕਸ ਸੀ ਅਤੇ ਉਸਦੇ ਆਈਲੈੱਟਸ ਵਿਚੋਂ ਬੈਂਡ ਵੀ ਆ ਗਏ ਸਨ ਅਤੇ ਉਹ ਆਪਣੇ ਪਤੀ ਨਾਲ ਕੈਨੇਡਾ ਜਾਣ ਦੀ ਤਿਆਰੀ 'ਚ ਸੀ ਅਤੇ ਫੀਸ ਵੀ ਭਰ ਦਿੱਤੀ ਸੀ ਕਿ ਕੋਰੋਨਾ ਕਰ ਕੇ ਲੇਟ ਹੋ ਗਏ। ਪਤਾ ਲੱਗਾ ਹੈ ਕਿ ਬਾਹਰ ਜਾਣ ਦੀ ਤਿਆਰੀ ਕਰ ਕੇ ਵੀ ਲੱਗੇ ਪੈਸੇ ਵੀ ਕਲੇਸ਼ ਦਾ ਕਾਰਣ ਸਨ।

ਘਰ ਹੀ ਉਜੜ ਗਿਆ
ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵੇਂ ਭਰਾਵਾਂ ਦੀ 35 ਕਿੱਲੇ ਜ਼ਮੀਨ ਸੀ ਅਤੇ ਖੇਤੀਬਾੜੀ ਇਕੱਠੇ ਕਰਦੇ ਸਨ। ਹੈਪੀ ਦੇ ਵਿਆਹ ਨੂੰ 8-9 ਸਾਲ ਹੋ ਗਏ ਸਨ ਅਤੇ ਉਸਦੇ ਦੋ ਬੱਚੇ ਸਨ। ਇਨ੍ਹਾਂ ਦੀਆਂ ਦੋਵੇਂ ਭੈਣਾ ਸ਼ਾਦੀਸ਼ੁਦਾ ਸਨ। ਹੁਣ ਭਰਾ ਦਾ ਕਤਲ ਕਰਕੇ ਦੋਵਾਂ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਹੋ ਗਿਆ ਅਤੇ ਘਰ ਹੀ ਉਜੜ ਗਿਆ ਹੈ।


Gurminder Singh

Content Editor

Related News