ਨਵ ਵਿਆਹੀ ਲਾੜੀ ਨੇ ਚੱਕਰਾਂ ''ਚ ਪਾਇਆ ਸਹੁਰਾ ਪਰਿਵਾਰ, ਪੁਲਸ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ

07/22/2016 8:51:37 PM

ਨਥਾਣਾ (ਬੱਜੋਆਣੀਆਂ)— ਨਥਾਣਾ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਕਿ ਜਿਹੜਾ ਵਿਆਹ ਕਰਵਾ ਕੇ ਲੋਕਾਂ ਨਾਲ ਠੱਗੀ ਮਾਰ ਕੇ ਫਰਾਰ ਹੋ ਜਾਂਦਾ ਸੀ। ਇਸੇ ਤਰ੍ਹਾਂ ਇਸ ਗਿਰੋਹ ਨੇ ਇਕ ਪਰਿਵਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਲਾੜੀ ਤਿੱਤਰ ਹੋ ਗਈ ਜਿਸ ਦਾ ਅਜੇ ਤਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਰਾਜਵੰਤ ਸਿੰਘ ਪੁੱਤਰ ਰੂਪ ਸਿੰਘ ਵਾਸੀ ਨਥਾਣਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਸੱਤੂ ਸਿੰਘ, ਅਮਨ ਕੌਰ ਪਤਨੀ ਸੱਤੂ ਸਿੰਘ, ਮਨਿੰਦਰ ਸਿੰਘ, ਜੱਸੀ ਸਿੰਘ, ਜਸਪ੍ਰੀਤ ਕੌਰ, ਪੂਜਾ ਵਾਸੀਆਨ ਪਰਸਰਾਮ ਨਗਰ ਨੇ ਸਾਜ਼ਿਸ਼ ਤਹਿਤ ਸਿਮਰਨ ਕੌਰ ਦਾ ਵਿਆਹ ਰਾਜਵੰਤ ਸਿੰਘ ਨਾਲ ਕਰਵਾ ਦਿੱਤਾ ਤੇ ਉਨ੍ਹਾਂ ਤੋਂ ਵਿਆਹ ''ਤੇ ਖਰਚਾ ਕਰਵਾਇਆ ਗਿਆ ਤੇ 2 ਲੱਖ 70 ਹਜ਼ਾਰ ਦੀ ਠੱਗੀ ਕੀਤੀ ਹੈ। ਸਿਮਰਨ ਕੌਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਤਿੱਤਰ ਹੋ ਗਈ, ਜਿਸ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਵੀ ਪਿੰਡ ਕਲਾਲਵਾਲਾ ਦੇ ਇਕ ਪਰਿਵਾਰ ਨਾਲ ਠੱਗੀ ਕੀਤੀ ਸੀ। ਇਹ ਇਕ ਗਿਰੋਹ ਹੈ, ਜੋ ਵਿਆਹ ਕਰਵਾਉਣ ਦਾ ਲਾਲਚ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਠੱਗਦਾ ਹੈ। ਇਸ ਗਿਰੋਹ ਦੇ ਮੈਂਬਰਾਂ ਨੂੰ ਫੜਨ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹ ਗਿਰੋਹ ਪੁਲਸ ਦੀ ਹਿਰਾਸਤ ''ਚ ਹੋਵੇਗਾ।


Gurminder Singh

Content Editor

Related News