ਰਿਸ਼ਵਤ ਲੈਣ ਦੇ ਦੋਸ਼ ’ਚ ਡੀ. ਡੀ. ਪੀ. ਓ., ਸੁਪਰਡੈਂਟ ਅਤੇ ਡਿਵੈੱਲਪਮੈਂਟ ਸਹਾਇਕ ਦੋ ਦਿਨਾ ਰਿਮਾਂਡ ’ਤੇ (ਵੀਡੀਓ)
Wednesday, Jun 27, 2018 - 02:28 PM (IST)
ਮਾਨਸਾ(ਜੱਸਲ)-ਚੌਕਸੀ ਵਿਭਾਗ ਵੱਲੋਂ ਪਿੰਡ ਭੈਣੀਬਾਘਾ ਦੇ ਸਾਬਕਾ ਸਰਪੰਚ ਮਨਦੀਪ ਸਿੰਘ ਕੋਲੋਂ ਇਕ ਮਾਮਲੇ ਵਿਚ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਡੀ. ਡੀ. ਪੀ. ਓ., ਸੁਪਰਡੈਂਟ ਅਤੇ ਡਿਵੈੱਲਪਮੈਂਟ ਸਹਾਇਕ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਪੁਲਸ ਵਿਭਾਗ ਦੀ ਮੰਗ ’ਤੇ ਉਕਤ ਤਿੰਨਾਂ ਨੂੰ 2 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ। ਜਾਣਕਾਰੀ ਅਨੁਸਾਰ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਡੀ. ਡੀ. ਪੀ. ਓ. ਜਗਤਾਰ ਸਿੰਘ ਸਿੱਧੂ, ਸੁਪਰਡੈਂਟ ਰਾਕੇਸ਼ ਕੁਮਾਰ ਅਤੇ ਡਿਵੈੱਲਪਮੈਂਟ ਸਹਾਇਕ ਗੁਰਦਰਸ਼ਨ ਸਿੰਘ ਨੂੰ ਅੱਜ ਚੌਕਸੀ ਵਿਭਾਗ ਦੇ ਇੰਸਪੈਕਟਰ ਸੱਤਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਅਹਿਮ ਖੁਲਾਸੇ ਕਰਵਾਉਣ ਲਈ ਪੁਲਸ ਰਿਮਾਂਡ ਦੀ ਮੰਗ ਕਰਨ ’ਤੇ ਮਾਣਯੋਗ ਅਦਾਲਤ ਨੇ ਉਕਤ ਤਿੰਨਾਂ ਨੂੰ ਦੋ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ, ਜਿਸ ਉਪਰੰਤ 28 ਜੂਨ ਨੂੰ ਵਿਜੀਲੈਂਸ ਵਿਭਾਗ ਉਕਤ ਤਿੰਨਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕਰੇਗੀ। ਚੌਕਸੀ ਵਿਭਾਗ ਦੇ ਇੰਸਪੈਕਟਰ ਸੱਤਪਾਲ ਸਿੰਘ ਨੇ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਇਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਰਿਸ਼ਵਤਖੋਰੀ ਦੇ ਹੋਰ ਵੀ ਖੁਲਾਸੇ ਕਰਵਾਏ ਜਾ ਸਕਣ।
