15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗ੍ਰਿਫਤਾਰ

Wednesday, Dec 31, 2025 - 05:57 PM (IST)

15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗ੍ਰਿਫਤਾਰ

ਚੰਡੀਗੜ੍ਹ/ਹੁਸ਼ਿਆਰਪੁਰ : ਪੰਜਾਬ ਵਿਜੀਲੈਂਸ ਬਿਊਰੋ ਨੇ ਵਾਈਲਡ ਲਾਈਫ ਡਿਵੀਜ਼ਨ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਬਲਾਕ ਅਫ਼ਸਰ ਰਾਜਪਾਲ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਬਲਾਚੌਰ ਜ਼ਿਲ੍ਹਾ ਐਸਬੀਐਸ ਨਗਰ ਦੇ ਇਕ ਵਸਨੀਕ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਨੇ ਸ਼ਿਕਾਰ ਦਾ ਪਰਮਿਟ ਜਾਰੀ ਕਰਨ ਲਈ ਦੋਸ਼ੀ ਰਾਜਪਾਲ ਸਿੰਘ ਕੋਲ ਪਹੁੰਚ ਕੀਤੀ ਸੀ ਪਰ ਅਧਿਕਾਰੀ ਨੇ ਇਸ ਲਈ 50,000 ਰੁਪਏ ਦੀ ਮੰਗ ਕੀਤੀ। ਉਸ ਵੱਲੋਂ ਬੇਨਤੀ ਕਰਨ 'ਤੇ ਸੌਦਾ 15,000  ਰੁਪਏ ਵਿਚ ਤੈਅ ਹੋ ਗਿਆ ਅਤੇ ਅਧਿਕਾਰੀ ਨੇ ਸ਼ਿਕਾਰ ਦਾ ਪਰਮਿਟ ਜਾਰੀ ਕਰਨ ਦਾ ਭਰੋਸਾ ਦੇ ਕੇ ਉਸ ਤੋਂ 10,000 ਰੁਪਏ ਮੌਕੇ 'ਤੇ ਹੀ ਲੈ ਲਏ।

ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਰਾਜਪਾਲ ਸਿੰਘ ਬਲਾਚੌਰ ਵਿਖੇ ਸ਼ਿਕਾਇਤਕਰਤਾ ਦੇ ਘਰ ਜਾ ਕੇ ਬਾਕੀ ਰਹਿੰਦੀ 5000 ਰੁਪਏ ਦੀ ਰਿਸ਼ਵਤ ਵੀ ਲੈ ਲਈ। ਇਸਦੀ ਵੀਡੀਓ ਸ਼ਿਕਾਇਤਕਰਤਾ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਤਸਦੀਕ ਦੌਰਾਨ ਉਕਤ ਦੋਸ਼ ਸਹੀ ਪਾਏ ਗਏ। ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।


author

Gurminder Singh

Content Editor

Related News