ਰੂਪਨਗਰ: ਸਿਵਲ ਹਸਪਤਾਲ ਦੇ ਬਾਥਰੂਮ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
Tuesday, Feb 25, 2020 - 10:30 AM (IST)
ਰੂਪਨਗਰ (ਸੱਜਣ ਸੈਣੀ)— ਸਿਵਲ ਹਸਪਤਾਲ ਰੂਪਨਗਰ ਦੇ ਮੈਡੀਕਲ ਵਾਰਡ ਦੇ ਬਾਥਰੂਮ 'ਚ ਇਕ 24 ਸਾਲਾ ਨੋਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਓਵਰਡੋਜ ਕਰਕੇ ਇਹ ਮੋਤ ਹੋਈ ਲੱਗ ਰਹੀ ਹੈ, ਜਦੋਂ ਕਿ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਨਵੀ ਉਮਰ 24 ਸਾਲ ਵਾਸੀ ਹੁਸੈਨਪੁਰ ਜ਼ਿਲਾ ਰੂਪਨਗਰ ਵਜੋਂ ਹੋਈ ਹੈ।
ਹਸਪਤਾਲ 'ਚ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਨੋਜਵਾਨ ਬਾਥਰੂਮ 'ਚ ਵੜਿਆ ਪਰ 2 ਘੰਟੇ ਤੱਕ ਉਹ ਬਾਹਰ ਨਹੀਂ ਆਇਆ ਜਦੋਂ ਸ਼ੱਕ ਪੈਣ 'ਤੇ ਬਾਥਰੂਮ ਦਾ ਦਰਵਾਜਾ ਖੜਕਾਇਆ ਤਾਂ ਅੰਦਰੋ ਕੋਈ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਬਾਥਰੂਮ ਦੀ ਕੰਧ ਰਾਹੀਂ ਚੜ੍ਹ ਕੇ ਜਦੋਂ ਦੇਖਿਆ ਤਾਂ ਇਕ ਨੋਜਵਾਨ ਡਿੱਗਾ ਪਿਆ ਸੀ। ਬਾਥਰੂਮ ਦਾ ਅੰਦਰੋਂ ਦਰਵਾਜਾ ਖੋਲ੍ਹ ਕੇ ਜਦੋਂ ਨੋਜਵਾਨ ਨੂੰ ਹਸਪਤਾਲ ਦੇ ਬੈੱਡ 'ਤੇ ਲਿਆਂਦਾ ਤਾਂ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੀ ਮੋਤ ਨਸ਼ੇ ਕਰਕੇ ਹੋਈ ਹੈ। ਜਿਸ ਬਾਥਰੂਮ 'ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ, ਉਸੇ ਬਾਥਰੂਮ 'ਚ ਸਰਿਜ ਦਾ ਕਵਰ ਵੀ ਪਿਆ ਸੀ।
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਗੌਰਵ ਅਹੁਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਵਾਰਡ ਦੇ ਬਾਥਰੂਮ 'ਚੋਂ ਗੁਰਪ੍ਰੀਤ ਸਿੰਘ ਬਰੋਡ ਡੈੱਡ ( ਮ੍ਰਿਤਕ) ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਦਾ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਨੋਜਵਾਨ ਵਿਆਹਿਆ ਹੋਇਆ ਸੀ ਅਤੇ ਮਹੀਨਾ ਪਹਿਲਾ 21 ਜਨਵਰੀ ਨੂੰ ਉਕਤ ਨੌਜਵਾਨ ਦਾ ਜਨਮ ਦਿਨ ਸੀ। ਪੁਲਸ ਵੱਲੋਂ ਕਾਨੂੰਨ ਕਾਰਵਾਈ ਦੇ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ।