ਇਨਵਰਟਰ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Sunday, Jul 01, 2018 - 06:45 PM (IST)
ਨੂਰਪੁਰਬੇਦੀ (ਭੰਡਾਰੀ)— ਖੇਤਰ ਦੇ ਪਿੰਡ ਬਸਾਲੀ ਵਿਖੇ ਇਕ ਘਰ 'ਚ ਇਨਵਰਟਰ ਫਿੱਟ ਕਰਦੇ ਸਮੇਂ ਅਚਾਨਕ ਕਰੰਟ ਲੱਗਣ ਨਾਲ ਨਜ਼ਦੀਕੀ ਪਿੰਡ ਜੱਟਪੁਰ ਦੇ ਇਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨੂਰਪੁਰਬੇਦੀ ਥਾਣੇ ਦੇ ਹੌਲਦਾਰ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਜੱਟਪੁਰ ਦਾ ਨੌਜਵਾਨ ਦਿਨੇਸ਼ ਕੁਮਾਰ ਪੁੱਤਰ ਦਰਸ਼ਨ ਕੁਮਾਰ ਪ੍ਰਾਈਵੇਟ ਤੌਰ 'ਤੇ ਨੂਰਪੁਰਬੇਦੀ ਸ਼ਹਿਰ 'ਚ ਕੰਮ ਕਰਦੇ ਇਕ ਬਿਜਲੀ ਵਾਲੇ ਨਾਲ ਬਤੌਰ ਹੈਲਪਰ ਪਿੰਡ ਬਸਾਲੀ ਵਿਖੇ ਕਿਸੇ ਵਿਅਕਤੀ ਦੇ ਘਰ 'ਚ ਸ਼ਨੀਵਾਰ ਸ਼ਾਮ ਇਨਵਰਟਰ ਲਗਾਉਣ ਗਿਆ ਹੋਇਆ ਸੀ ਕਿ ਇਸੇ ਦੌਰਾਨ ਇਨਵਰਟਰ ਫਿੱਟ ਕਰਦੇ ਸਮੇਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ 174 ਤਹਿਤ ਕਾਰਵਾਈ ਅਮਲ ਲਿਆਉਂਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਸਥਿਤ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ।
3 ਭੈਣਾਂ ਦਾ ਇਕਲੌਤਾ ਭਰਾ ਸੀ ਦਿਨੇਸ਼ ਕੁਮਾਰ
ਮ੍ਰਿਤਕ ਨੌਜਵਾਨ ਦਿਨੇਸ਼ ਕੁਮਾਰ ਜਿਸਨੇ 12ਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਆਈ. ਟੀ. ਆਈ. ਨੰਗਲ ਵਿਖੇ ਦਾਖਲਾ ਲਿਆ ਹੋਇਆ ਦੱਸਿਆ ਜਾਂਦਾ ਹੈ 3 ਭੈਣਾਂ ਦਾ ਇਕਲੌਤਾ ਭਰਾ ਸੀ। ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਤ ਉਕਤ ਨੌਜਵਾਨ ਸਮੁੱਚੇ ਪਰਿਵਾਰ ਦਾ ਇਕਮਾਤਰ ਸਹਾਰਾ ਸੀ ਜਦਕਿ ਉਸ ਦਾ ਪਿਤਾ ਦਰਸ਼ਨ ਕੁਮਾਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਦੀਆਂ 3 ਭੈਣਾਂ 'ਚੋਂ ਇਕ ਭੈਣ 12ਵੀਂ, ਇਕ 10ਵੀਂ ਅਤੇ ਇਕ 8ਵੀਂ ਜਮਾਤ 'ਚ ਪੜ੍ਹਦੀ ਹੈ। ਇਕਲੌਤੇ ਨੌਜਵਾਨ ਪੁੱਤਰ ਦੀ ਮੌਤ ਕਾਰਣ ਪਰਿਵਾਰ ਅਤੇ ਸਮੁੱਚੇ ਪਿੰਡ 'ਚ ਮਾਤਮ ਛਾਇਆ ਹੋਇਆ ਸੀ।
