ਪੰਜਾਬ ''ਚ ਤਾਂਤ੍ਰਿਕ ਵੱਲੋਂ ਭੈਣ-ਭਰਾ ਦੀ ਬਲੀ ਦੇ ਮਾਮਲੇ ''ਚ ਵੱਡੇ ਐਕਸ਼ਨ ਦੀ ਤਿਆਰੀ!
Wednesday, Dec 10, 2025 - 02:58 PM (IST)
ਬਠਿੰਡਾ: ਬਠਿੰਡਾ ਅਦਾਲਤ ਨੇ ਬੱਚਿਆਂ ਦੇ ਕਤਲ ਦੇ ਇਕ ਦੋਸ਼ੀ ਦੇ ਫਰਾਰ ਹੋਣ 'ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਐੱਸ.ਐੱਸ.ਪੀ. ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਮਾਮਲਾ ਬਠਿੰਡਾ ਦੇ ਪਿੰਡ ਕੋਟਫੱਤਾ ਵਿਚ ਅੰਧਵਿਸ਼ਵਾਸ ਦੇ ਚੱਲਦਿਆਂ ਭਾਈ-ਭੈਣ ਦੀ ਬਲੀ ਦੇ ਕੇ ਕੀਤੇ ਗਏ ਕਤਲ ਨਾਲ ਸਬੰਧਤ ਹੈ। ਇਸ ਮਾਮਲੇ ਦੇ ਮੁੱਖ ਦੋਸ਼ੀ ਤਾਂਤ੍ਰਿਕ ਲਖਵਿੰਦਰ ਸਿੰਘ ਉਰਫ਼ ਲੱਖੀ ਨੂੰ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ, ਪਰ ਉਹ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਪਿਛਲੇ ਦੋ ਸਾਲਾਂ ਤੋਂ ਫਰਾਰ ਹੈ। ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ (CJM) ਬਠਿੰਡਾ ਨੇ ਇਸ 'ਤੇ ਸਖ਼ਤ ਰੁਖ ਅਪਣਾਇਆ ਹੈ।
ਦੋਸ਼ੀ ਲਖਵਿੰਦਰ ਸਿੰਘ ਵਿਰੁੱਧ 18 ਸਤੰਬਰ 2023 ਤੋਂ ਲਗਾਤਾਰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਰਹੇ ਹਨ, ਪਰ ਪੁਲਸ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਸ਼ਿਕਾਇਤਕਰਤਾ, ਕੋਟਫੱਤਾ ਦੇ ਵਸਨੀਕ ਪਰਨਜੀਤ ਸਿੰਘ, ਨੇ ਹਾਲ ਹੀ ਵਿਚ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਲਖਵਿੰਦਰ ਸਿੰਘ ਇਲਾਕੇ ਵਿਚ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਅਕਸਰ ਆਪਣੇ ਘਰ ਤੇ ਹੋਰ ਥਾਵਾਂ 'ਤੇ ਦੇਖਿਆ ਜਾਂਦਾ ਹੈ। ਪਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਪੁਲਸ ਨੂੰ ਉਸ ਦੇ ਠਿਕਾਣੇ ਦੀ ਸਪੱਸ਼ਟ ਜਾਣਕਾਰੀ ਦੇਣ ਦੇ ਬਾਵਜੂਦ, ਕਿਸੇ ਵੀ ਅਧਿਕਾਰੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਗ੍ਰਿਫ਼ਤਾਰੀ ਲਈ ਕੋਈ ਕਾਰਵਾਈ ਕੀਤੀ।
ਇਸ 'ਤੇ CJM ਨੇ ਟਿੱਪਣੀ ਕੀਤੀ ਕਿ ਇਹ ਘਟਨਾ ਪੁਲਸ ਦੀ ਭੂਮਿਕਾ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਅਦਾਲਤ ਨੇ ਐੱਸ.ਐੱਸ.ਪੀ. ਬਠਿੰਡਾ ਨੂੰ ਮਾਮਲੇ ਦੀ ਪੂਰੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਜਾਂਚ ਇਸ ਗੱਲ 'ਤੇ ਕੇਂਦਰਿਤ ਹੋਵੇਗੀ ਕਿ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਅਤੇ ਸ਼ਿਕਾਇਤਕਰਤਾ ਦੁਆਰਾ ਸਹੀ ਸੂਚਨਾਵਾਂ ਦਿੱਤੇ ਜਾਣ ਦੇ ਬਾਵਜੂਦ ਪੁਲਸ ਨੇ ਵਾਰੰਟ ਕਿਉਂ ਨਹੀਂ ਤਾਮੀਲ ਕੀਤੇ ਅਤੇ ਆਪਣੇ ਫਰਜ਼ ਦੀ ਪਾਲਣਾ ਕਿਉਂ ਨਹੀਂ ਕੀਤੀ।
ਜ਼ਮਾਨਤ ਜ਼ਬਤ ਅਤੇ ਜਾਇਦਾਦ ਕੁਰਕ ਕਰਨ ਦੇ ਆਦੇਸ਼
ਅਦਾਲਤ ਨੇ ਕਿਹਾ ਹੈ ਕਿ ਐੱਸ.ਐੱਸ.ਪੀ. ਬਠਿੰਡਾ ਗ੍ਰਿਫ਼ਤਾਰੀ ਵਾਰੰਟ ਤਾਮੀਲ ਕਰਵਾਉਣ ਅਤੇ ਦੋਸ਼ੀ ਲਖਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ ਕਿਸੇ ਵਿਸ਼ੇਸ਼ ਪੁਲਸ ਅਧਿਕਾਰੀ ਦੀ ਡਿਊਟੀ ਲਗਾਉਣ। ਜੇਕਰ ਇਸ ਵਾਰ ਵੀ ਵਾਰੰਟ ਤਾਮੀਲ ਨਹੀਂ ਹੁੰਦੇ ਹਨ ਤਾਂ ਐੱਸ.ਐੱਸ.ਪੀ. ਦੁਆਰਾ ਕਾਰਨ ਦੱਸੋ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ। ਕਿਉਂਕਿ ਦੋਸ਼ੀ ਸਮੇਂ ਸਿਰ ਆਤਮ-ਸਮਰਪਣ ਕਰਨ ਵਿਚ ਅਸਫਲ ਰਿਹਾ ਹੈ, ਇਸ ਲਈ ਉਸ ਦੇ ਜ਼ਮਾਨਤੀ ਸਰਤਾਜ ਸਿੰਘ ਦੁਆਰਾ ਦਿੱਤੀ ਗਈ ਜ਼ਮਾਨਤ ਜ਼ਬਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ, ਡਿਪਟੀ ਕਮਿਸ਼ਨਰ ਮਾਨਸਾ ਨੂੰ ਦੋਸ਼ੀ ਦੇ ਜ਼ਮਾਨਤੀ ਦੀ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਜ਼ਬਤੀ ਦਾ ਇੰਦਰਾਜ ਪ੍ਰਾਪਰਟੀ ਰਿਕਾਰਡ ਵਿਚ ਦਰਜ ਕਰਨ ਲਈ ਡੀ.ਸੀ. ਮਾਨਸਾ ਨੂੰ ਜਮ੍ਹਾਂਬੰਦੀ ਦੀ ਕਾਪੀ ਭੇਜੀ ਜਾਵੇਗੀ।
ਜ਼ਮਾਨਤੀ ਸਰਤਾਜ ਸਿੰਘ ਦੀ ਹਾਜ਼ਰੀ ਯਕੀਨੀ ਬਣਾਉਣ ਲਈ, ਉਸ ਵਿਰੁੱਧ ਵੀ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਅਗਲੀ ਪੇਸ਼ੀ 19 ਦਸੰਬਰ 2025 ਨੂੰ ਹੋਵੇਗੀ। ਜੇਕਰ ਉਦੋਂ ਤੱਕ ਵਾਰੰਟ ਤਾਮੀਲ ਹੋਣ ਤੋਂ ਬਾਅਦ ਵਾਪਸ ਨਹੀਂ ਆਉਂਦੇ ਹਨ, ਤਾਂ ਤਾਮੀਲ ਕਰਾਉਣ ਲਈ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਨੂੰਨ ਅਤੇ ਨਿਯਮਾਂ ਤਹਿਤ ਢੁਕਵੀਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜਾਂਚ ਦੀ ਰਿਪੋਰਟ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਵਿਭਾਗੀ ਕਾਰਵਾਈ ਦੀ ਰਿਪੋਰਟ ਵੀ ਅਗਲੀ ਸੁਣਵਾਈ ਤੋਂ ਪਹਿਲਾਂ ਅਦਾਲਤ ਵਿਚ ਪੇਸ਼ ਕਰਨੀ ਪਵੇਗੀ।
