ਤਾਜੋਕੇ ਦੇ ਛੱਪੜ 'ਚੋਂ ਮਿਲੀ ਨਵ-ਵਿਆਹੁਤਾ ਦੀ ਲਾਸ਼, 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Friday, Jul 03, 2026 - 03:35 AM (IST)

ਤਾਜੋਕੇ ਦੇ ਛੱਪੜ 'ਚੋਂ ਮਿਲੀ ਨਵ-ਵਿਆਹੁਤਾ ਦੀ ਲਾਸ਼, 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਤਪਾ ਮੰਡੀ : ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਨੇੜਲੇ ਪਿੰਡ ਤਾਜੋਕੇ ਦੇ ਛੱਪੜ ਵਿੱਚੋਂ ਇੱਕ ਨਵ-ਵਿਆਹੁਤਾ ਦੀ ਤੈਰਦੀ ਹੋਈ ਲਾਸ਼ ਮਿਲਣ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਛੱਪੜ ਵਿੱਚੋਂ ਤੈਰਦੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕਾ ਦੀ ਪਛਾਣ 28 ਸਾਲ ਦੀ ਨਵ-ਵਿਆਹੁਤਾ ਸੰਦੀਪ ਕੌਰ ਪੁੱਤਰੀ ਰਾਮ ਸਿੰਘ ਵਾਸੀ ਪਿੰਡ ਤਾਜੋਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਨਵ-ਵਿਆਹੁਤਾ ਸੰਦੀਪ ਕੌਰ ਦਾ ਮਹਿਜ਼ ਤਿੰਨ ਮਹੀਨੇ ਪਹਿਲਾਂ ਹੀ ਪਿੰਡ ਖੇੜੀ (ਸ਼ੇਰਪੁਰ) ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ। ਮ੍ਰਿਤਕਾ ਸੰਦੀਪ ਕੌਰ ਦੇ ਮਾਪਿਆਂ ਨੇ ਚਾਵਾਂ-ਚਾਵਾਂ ਨਾਲ ਤਿੰਨ ਮਹੀਨੇ ਪਹਿਲਾਂ ਹੀ ਆਪਣੀ ਇਕਲੌਤੀ ਧੀ ਦਾ ਵਿਆਹ ਕੀਤਾ ਸੀ। ਇਸ ਮੌਕੇ ਮ੍ਰਿਤਕਾ ਦੇ ਵੱਡੇ ਭਰਾ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਉਸਦੀ ਭੈਣ ਸਹੁਰੇ ਪਰਿਵਾਰ ਤੋਂ ਪੇਕੇ ਘਰ ਆਈ ਸੀ। ਅੱਜ ਸਵੇਰੇ ਉਸ ਦੀ ਭੈਣ-ਮਾਤਾ ਅਤੇ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਆਏ ਸਨ, ਜਿਸ ਤੋਂ ਬਾਅਦ ਉਹ ਆਪਣੀ ਮਾਤਾ ਦੇ ਨਾਲ ਬੈਂਕ ਵਿੱਚ ਚਲਾ ਗਿਆ ਅਤੇ ਆਪਣੀ ਭੈਣ ਨੂੰ ਵਾਪਸ ਘਰ ਜਾਣ ਲਈ ਕਿਹਾ। ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਤੈਰਦੀ ਮਿਲੀ ਹੈ।

ਇਹ ਵੀ ਪੜ੍ਹੋ : ਸ਼ਾਪਿੰਗ ਕਰਨ ਆਈ ਔਰਤ ਨਾਲ ਹੋਈ ਲੁੱਟ! ਗਲੇ 'ਚੋਂ ਸੋਨੇ ਦੀ ਚੇਨ ਲਾਹ ਕੇ ਲੈ ਗਏ ਲੁਟੇਰੇ 

ਮ੍ਰਿਤਕਾ ਸੰਦੀਪ ਕੌਰ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਪੇਕੇ ਘਰ ਅਤੇ ਸਹੁਰੇ ਪਰਿਵਾਰ ਵਿੱਚ ਸਭ ਕੁਝ ਠੀਕ-ਠਾਕ ਅਤੇ ਖੁਸ਼ ਸੀ ਪਰ ਇਸ ਘਟਨਾ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਵਿੱਚ ਅਸਲ ਸੱਚਾਈ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ। ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਕਰਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾ ਸੰਦੀਪ ਕੌਰ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਤੈਰਦੀ ਹੋਈ ਮਿਲੀ, ਜਿੱਥੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਸ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਇਸ ਮੰਦਭਾਗੀ ਘਟਨਾ ਨਾਲ ਪਰਿਵਾਰ ਸਦਮੇ ਵਿੱਚ ਹੈ।

ਇਹ ਵੀ ਪੜ੍ਹੋ : ਭਾਜਪਾ ਦੀ ਕੇਂਦਰੀ ਟੀਮ 'ਚ ਫੇਰਬਦਲ ਦੀਆਂ ਅਟਕਲਾਂ ! ਨਿਤਿਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਇਸ ਮਾਮਲੇ ਨੂੰ ਲੈ ਕੇ ਪੁਲਸ ਥਾਣਾ ਤਪਾ ਦੇ ਪੁਲਸ ਜਾਂਚ ਅਧਿਕਾਰੀ ਏ. ਐੱਸ. ਆਈ. ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਤਾਜੋਕੇ ਦੇ ਛੱਪੜ ਵਿੱਚ ਇੱਕ ਔਰਤ ਦੀ ਤੈਰਦੀ ਲਾਸ਼ ਮਿਲੀ ਹੈ, ਜਿਸ ਤੇ ਪੁਲਸ ਨੇ ਤੁਰੰਤ ਮੌਕੇ 'ਤੇ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਪੁੱਤਰੀ ਰਾਮ ਸਿੰਘ ,ਵਾਸੀ ਪਿੰਡ ਤਾਜੋਕੇ ਜੋ ਕੁਝ ਮਹੀਨੇ ਪਹਿਲਾਂ ਹੀ ਅਮਨਪ੍ਰੀਤ ਸਿੰਘ ਵਾਸੀ ਖੇੜੀ (ਸ਼ੇਰਪੁਰ) ਨੂੰ ਵਿਆਹੀ ਸੀ। ਤਪਾ ਪੁਲਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੰਦਭਾਗੀ ਘਟਨਾ ਪਿੱਛੇ ਮੌਤ ਦੇ ਅਸਲ ਕਾਰਨ ਕੀ ਰਹੇ, ਉਹ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਨਿਕਲ ਕੇ ਆਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News