ਦਾਣਾ ਮੰਡੀ ਨੇੜਿਓਂ ਭੇਤਭਰੀ ਹਾਲਤ ''ਚ ਮਿਲੀ ਕਈ ਦਿਨ ਪੁਰਾਣੀ ਲਾਸ਼

Saturday, Oct 31, 2026 - 04:50 PM (IST)

ਦਾਣਾ ਮੰਡੀ ਨੇੜਿਓਂ ਭੇਤਭਰੀ ਹਾਲਤ ''ਚ ਮਿਲੀ ਕਈ ਦਿਨ ਪੁਰਾਣੀ ਲਾਸ਼

‎ਮਹਿਲ ਕਲਾਂ (ਹਮੀਦੀ): ਕਸਬਾ ਮਹਿਲ ਕਲਾਂ ਦੀ ਅਨਾਜ ਮੰਡੀ ਨੇੜਿਓਂ ਇਕ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਲਾਸ਼ ਦੀ ਹਾਲਤ ਬੇਹੱਦ ਖ਼ਰਾਬ ਹੋਣ ਕਾਰਨ ਇਸ ਦੇ ਕਈ ਦਿਨ ਪੁਰਾਣੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੁੱਢਲੀ ਦਿੱਖ ਅਨੁਸਾਰ ਮ੍ਰਿਤਕ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦੇ ਪ੍ਰਵਾਸੀ ਮਜ਼ਦੂਰ ਹੋਣ ਦਾ ਵੀ ਖ਼ਦਸ਼ਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਦੋਂ ਕੁਝ ਕਿਸਾਨ ਅਨਾਜ ਮੰਡੀ ਨਾਲ ਲੱਗਦੇ ਖੇਤਾਂ ਵਿਚ ਝੋਨੇ ਦੀ ਕਟਾਈ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਅਚਾਨਕ ਬਹੁਤ ਤੇਜ਼ ਬਦਬੂ ਆਉਣ ਲੱਗੀ। ਕਿਸਾਨਾਂ ਵੱਲੋਂ ਜਦੋਂ ਨੇੜੇ ਜਾ ਕੇ ਦੇਖਿਆ ਗਿਆ ਤਾਂ ਮੰਡੀ ਦੀ ਕੰਧ ਕੋਲ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ, ਜੋ ਬੁਰੀ ਤਰ੍ਹਾਂ ਗਲ-ਸੜ ਚੁੱਕੀ ਸੀ ਅਤੇ ਅਧਨੰਗੀ ਹਾਲਤ ਵਿਚ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਇਸ ਸਬੰਧੀ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਤੁਰੰਤ ਥਾਣਾ ਮਹਿਲ ਕਲਾਂ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਥਾਣਾ ਮਹਿਲ ਕਲਾਂ ਦੀ ਮੁਖੀ ਕਮਲਜੀਤ ਕੌਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੌਜੂਦ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਥਾਣਾ ਮਹਿਲ ਕਲਾਂ ਦੀ ਮੁਖੀ ਕਮਲਜੀਤ ਕੌਰ ਤੇ ਏ.ਐੱਸ.ਆਈ. ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਕਰਨ ਲਈ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ 72 ਘੰਟਿਆਂ ਲਈ ਰੱਖਿਆ ਜਾ ਰਿਹਾ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੀ ਸ਼ਨਾਖਤ ਕਰਨ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਮੌਕੇ ਯੂਥ ਆਗੂ ਆਰਨ ਕੁਮਾਰ ਬਾਂਸਲ, ਨੰਬਰਦਾਰ ਪਰਮਜੀਤ ਸਿੰਘ ਢੀਂਡਸਾ, ਅਰਸ਼ਦੀਪ ਸਿੰਘ ਢੀਂਡਸਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
 


author

Anmol Tagra

Content Editor

Related News