ਤਲਵੰਡੀ ਚੌਧਰੀਆਂ ਦੇ ਲੋੜਵੰਦ ਨੀਲੇ ਕਾਰਡਧਾਰਕਾਂ ਨੂੰ ਨਹੀਂ ਮਿਲ ਰਹੀ ਕਣਕ

10/28/2017 12:51:14 PM

ਸੁਲਤਾਨਪੁਰ ਲੋਧੀ (ਧੰਜੂ)— ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਨਿਰਮਲ ਸਿੰਘ ਸ਼ੇਰਪੁਰ ਸੱਧਾ ਦੀ ਅਗਵਾਈ 'ਚ ਤਲਵੰਡੀ ਚੌਧਰੀਆਂ ਵਿਖੇ ਪੇਂਡੂ ਮਜ਼ਦੂਰਾਂ ਦਾ ਭਰਵਾਂ ਇਕੱਠ ਕੀਤਾ ਗਿਆ, ਜਿਸ 'ਚ ਪੇਂਡੂ ਮਜ਼ਦੂਰ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਪਿਛਲੇ ਇਕ ਸਾਲ ਤੋਂ ਨੀਲੇ ਕਾਰਡਧਾਰਕਾਂ ਨੂੰ ਆਟਾ-ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ ਨਹੀਂ ਦਿੱਤੀ ਜਾ ਰਹੀ, ਜਿਸ 'ਤੇ ਰੋਸ ਵਜੋਂ ਤਲਵੰਡੀ ਚੌਧਰੀਆਂ 'ਚ ਕਾਂਗਰਸ ਦੀ ਕੈਪਟਨ ਸਰਕਾਰ ਅਤੇ ਫੂਡ ਸਪਲਾਈ ਦੇ ਅਧਿਕਾਰੀਆਂ ਖਿਲਾਫ ਯੂਨੀਅਨ ਵੱਲੋਂ ਨਾਅਰੇਬਾਜ਼ੀ ਕੀਤੀ। 
ਇਸ ਇਕੱਠ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਬਲਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਸਾਹਮਣੇ ਆ ਚੁੱਕਾ ਹੈ। ਗਰੀਬ ਲੋਕਾਂ ਨੂੰ ਕਣਕ ਨਾ ਮਿਲਣ ਕਰਕੇ ਅੱਤ ਦੀ ਮਹਿੰਗਾਈ ਕਾਰਨ ਰੋਜ਼ਮੱਰਾ ਦੀਆਂ ਲੋੜਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਅਤੇ ਮਿਹਨਤੀ ਲੋਕਾਂ ਦੇ ਬੱਚਿਆਂ ਨੂੰ ਇਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਕੂਲਾਂ 'ਚ ਸਮੇਂ ਸਿਰ ਕਿਤਾਬਾਂ ਦਾ ਨਾ ਪਹੁੰਚਣਾ, ਅਧਿਆਪਕਾਂ ਦੀ ਪੱਕੀ ਭਰਤੀ ਨਾ ਕਰਨਾ, ਅਧਿਆਪਕਾਂ ਨੂੰ ਗੈਰ-ਕੰਮਾਂ 'ਤੇ ਲਾਉਣਾ, ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਗਰੀਬ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। 
ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ ਲੋਕ ਕਣਕ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਸਰਕਾਰ ਅਤੇ ਫੂਡ ਸਪਲਾਈ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਲੋੜਵੰਦਾਂ ਨੂੰ ਜਲਦ ਕਣਕ ਨਾ ਦਿੱਤੀ ਗਈ ਤਾਂ ਮਜਬੂਰ ਹੋ ਕੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਲੋਕਾਂ ਨੂੰ ਨਾਲ ਲੈ ਕੇ ਫੂਡ ਸਪਲਾਈ ਦੇ ਦਫਤਰ ਸੁਲਤਾਨਪੁਰ ਲੋਧੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਨਬੀਪੁਰ, ਰਾਜ ਕੁਮਾਰ ਲਾਹੌਰੀ, ਬਲਦੇਵ ਰਾਜ, ਜਰਨੈਲ ਸਿੰਘ ਨਾਹਰ, ਜਸਪਾਲ ਸਿੰਘ, ਰੰਜਨਾ, ਗੁਰਮੇਜ ਕੌਰ, ਗਿਆਨੋ ਅਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।


Related News