ਰਾਹੁਲ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ- ਸਫ਼ਲਤਾ ਨਹੀਂ ਮਿਲ ਰਹੀ ਤਾਂ ਬਰੇਕ ਲੈਣ ''ਚ ਕੋਈ ਬੁਰਾਈ ਨਹੀਂ

04/08/2024 4:09:15 PM

ਨਵੀਂ ਦਿੱਲੀ (ਭਾਸ਼ਾ)- ਮਸ਼ਹੂਰ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਉਮੀਦ ਅਨੁਸਾਰ ਨਤੀਜੇ ਨਹੀਂ ਮਿਲਦੇ ਤਾਂ ਰਾਹੁਲ ਗਾਂਧੀ ਨੂੰ ਆਪਣੇ ਕਦਮ ਪਿੱਛੇ ਖਿੱਚਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਕਿਸ਼ੋਰ ਨੇ ਕਿਹਾ ਕਿ ਗਾਂਧੀ, ਸਾਰੇ ਵਿਹਾਰਕ ਉਦੇਸ਼ਾਂ ਲਈ, ਆਪਣੀ ਪਾਰਟੀ ਨੂੰ ਚਲਾ ਰਹੇ ਹਨ ਅਤੇ ਪਿਛਲੇ 10 ਸਾਲਾਂ 'ਚ ਉਮੀਦ ਅਨੁਸਾਰ ਨਤੀਜੇ ਨਾ ਦੇਣ ਦੇ ਬਾਵਜੂਦ, ਉਹ ਨਾ ਤਾਂ ਅਹੁਦਾ ਛੱਡ ਰਹੇ ਹਨ ਅਤੇ ਨਾ ਹੀ ਕਿਸੇ ਹੋਰ ਨੂੰ ਅੱਗੇ ਆਉਣ ਦੀ ਦੇ ਰਹੇ ਹਨ। ਉਨ੍ਹਾਂ ਕਿਹਾ,‘‘ਮੇਰੇ ਅਨੁਸਾਰ ਇਹ ਵੀ ਅਲੋਕਤੰਤਰੀ ਹੈ।’’ ਉਨ੍ਹਾਂ ਨੇ ਵਿਰੋਧੀ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ ਪਰ ਆਪਣੀ ਰਣਨੀਤੀ ਨੂੰ ਲਾਗੂ ਕਰਨ ਨੂੰ ਲੈ ਕੇ ਉਨ੍ਹਾਂ ਦੇ ਅਤੇ ਕਾਂਗਰਸ ਲੀਡਰਸ਼ਿਪ ਦਰਮਿਆਨ ਮਤਭੇਦ ਹੋਣ ਕਾਰਨ ਉਹ ਵੱਖ ਹੋ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਸੋਨੀਆ ਗਾਂਧੀ ਦੇ ਰਾਜਨੀਤੀ ਤੋਂ ਦੂਰ ਰਹਿਣ ਅਤੇ 1991 ਵਿਚ ਪੀ.ਵੀ. ਨਰਸਿਮਹਾ ਰਾਓ ਦੇ ਅਹੁਦਾ ਸੰਭਾਲਣ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ,''ਜਦੋਂ ਤੁਸੀਂ ਇਕ ਹੀ ਕੰਮ ਪਿਛਲੇ 10 ਸਾਲਾਂ ਤੋਂ ਕਰ ਰਹੇ ਹੋ ਅਤੇ ਸਫ਼ਲਤਾ ਨਹੀਂ ਮਿਲ ਰਹੀ ਤਾਂ ਬਰੇਕ ਲੈਣ 'ਚ ਕੋਈ ਬੁਰਾਈ ਨਹੀਂ ਹੈ… ਤੁਹਾਨੂੰ ਚਾਹੀਦਾ ਹੈ ਕਿ 5 ਸਾਲ ਤੱਕ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦਿਓ। ਤੁਹਾਡੀ ਮਾਂ ਨੇ ਅਜਿਹਾ ਕੀਤਾ ਹੈ।'' ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਚੰਗੇ ਨੇਤਾਵਾਂ ਦੀ ਇਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਵਿਚ ਕੀ ਕਮੀ ਹੈ ਅਤੇ ਉਹ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਤਿਆਰ ਰਹਿੰਦੇ ਹਨ।

ਕਿਸ਼ੋਰ ਨੇ ਕਿਹਾ,''ਪਰ ਰਾਹੁਲ ਗਾਂਧੀ ਨੂੰ ਅਜਿਹਾ ਲੱਗਦਾ ਹੈ ਕਿ ਉਹ ਸਭ ਕੁਝ ਜਾਣਦੇ ਹਨ। ਜੇਕਰ ਅਜਿਹਾ ਲੱਗਦਾ ਹੈ ਕਿ ਤੁਹਾਨੂੰ ਮਦਦ ਦੀ ਲੋੜ ਨਹੀਂ ਹੈ ਤਾਂ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਹੀ ਹਨ ਅਤੇ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਉਨ੍ਹਾਂ ਦੀ ਸੋਚ ਨੂੰ ਮੂਰਤ ਰੂਪ ਦੇ ਸਕੇ। ਇਹ ਸੰਭਵ ਨਹੀਂ ਹੈ।'' ਸਾਲ 2019 ਦੀਆਂ ਚੋਣਾਂ ਵਿੱ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਾਇਨਾਡ ਹਲਕੇ ਦੇ ਸੰਸਦ ਮੈਂਬਰ ਨੇ ਉਦੋਂ ਲਿਖਿਆ ਸੀ ਕਿ ਉਹ ਪਿੱਛੇ ਹਟ ਜਾਣਗੇ ਅਤੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਸੌਂਪਣਗੇ ਪਰ ਅਸਲ 'ਚ ਉਨ੍ਹਾਂ ਨੇ ਜੋ ਲਿਖਿਆ ਸੀ, ਉਸ ਦੇ ਉਲਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਾਂਗਰਸੀ ਆਗੂ ਨਿੱਜੀ ਤੌਰ 'ਤੇ ਇਹ ਸਵੀਕਾਰ ਕਰਨਗੇ ਕਿ ਉਹ ਪਾਰਟੀ ਵਿਚ ਕੋਈ ਵੀ ਫੈਸਲਾ ਨਹੀਂ ਲੈ ਸਕਦੇ, ਇੱਥੇ ਤੱਕ ਕਿ ਗਠਜੋੜ ਸਹਿਯੋਗੀਆਂ ਨਾਲ ਇਕ ਵੀ ਸੀਟ ਜਾਂ ਸੀਟ ਸਾਂਝੀ ਕਰਨ ਬਾਰੇ ਵੀ ਉਹ ਉਦੋਂ ਤੱਕ ਕੋਈ ਫ਼ੈਸਲਾ ਨਹੀਂ ਲੈ ਸਕਦੇ, ਜਦੋਂ ਤੱਕ ਉਨ੍ਹਾਂ ਨੇ 'ਐਕਸਵਾਈਜ਼ੈੱਡ' ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ।'' ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦਾ ਇਕ ਵਰਗ ਭਾਵੇਂ ਨਿੱਜੀ ਤੌਰ ’ਤੇ ਇਹ ਵੀ ਕਹਿੰਦਾ ਹੈ ਕਿ ਅਸਲ 'ਚ ਸਥਿਤੀ ਇਸ ਦੇ ਉਲਟ ਹੈ ਅਤੇ ਰਾਹੁਲ ਗਾਂਧੀ ਉਹ ਫ਼ੈਸਲੇ ਨਹੀਂ ਲੈਂਦੇ ਜੋ ਉਹ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਲੈਣ। ਕਿਸ਼ੋਰ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਸਮਰਥਕ ਕਿਸੇ ਵੀ ਵਿਅਕਤੀ ਤੋਂ ਵੱਡੇ ਹਨ ਅਤੇ ਗਾਂਧੀ ਨੂੰ ਇਸ ਗੱਲ 'ਤੇ ਅੜੇ ਨਹੀਂ ਰਹਿਣਾ ਚਾਹੀਦਾ ਕਿ ਵਾਰ-ਵਾਰ ਲੋੜੀਂਦੇ ਨਤੀਜੇ ਨਾ ਮਿਲਣ ਦੇ ਬਾਵਜੂਦ ਉਹ ਪਾਰਟੀ ਲਈ ਲਾਭਦਾਇਕ ਸਾਬਤ ਹੋਣਗੇ। ਪ੍ਰਸ਼ਾਂਤ ਕਿਸ਼ੋਰ ਨੇ ਸਾਬਕਾ ਕਾਂਗਰਸ ਪ੍ਰਧਾਨ ਦੇ ਇਸ ਦਾਅਵੇ 'ਤੇ ਸਵਾਲ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣਾਂ 'ਚ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ, ਨਿਆਂਪਾਲਿਕਾ ਅਤੇ ਮੀਡੀਆ ਵਰਗੀਆਂ ਸੰਸਥਾਵਾਂ ਨੂੰ ਸਰਕਾਰ ਆਪਣੇ ਪ੍ਰਭਾਵ ਹੇਠ ਲੈ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News